Back

Explore every episode of the podcast Sant Attar Singh Ji

Dive into the complete episode list for Sant Attar Singh Ji. Each episode is cataloged with detailed descriptions, making it easy to find and explore specific topics. Keep track of all episodes from your favorite podcast and never miss a moment of insightful content.

Rows per page:

1–50 of 122

TitlePub. DateDuration
Samarpan - Jeevan Katha | Audio Book | Sant Attar Singh Ji, Mastuana Sahib Wale 🙏✨30 Aug 202400:01:58

#SantAttarSinghJi #MastuanaSahibWale #AudioBook

ਸਮਰਪਣ

ਇਹ ਪੁਸਤਕ ਦਾਸ ਆਪਣੀ ਮਾਤਾ ਰਾਮ ਕੌਰ ਜੀ ਦੇ ਸਮਰਪਣ ਕਰਦਾ ਹੈ, ਜਿਨ੍ਹਾਂ ਦੇ ਪ੍ਰੇਮ, ਸਿਦਕ ਅਤੇ ਸੰਤੋਖ ਨੇ ਦਾਸ ਨੂੰ ਸਿੱਖੀ ਮੰਡਲ ਵਿੱਚ “ਸਾਬਤ ਸੂਰਤਿ ਦਸਤਾਰ ਸਿਰਾ" ਰੱਖ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਆਵਨ ਦਾ ਅਵਸਰ ਬਖਸ਼ਿਆ । ਜਿਨ੍ਹਾਂ ਦੇ ਪਵਿੱਤਰ ਹਸਤ ਕੰਵਲਾਂ ਦੁਆਰਾ, ਤਰਨਤਾਰਨ ਸਾਹਿਬ ਮਾਈ ਰਾਮ ਕੌਰ ਦੇ ਬੁੰਗੇ ਸਾਰੇ ਪ੍ਰਵਾਰ ਨੇ ਅੰਮ੍ਰਿਤ ਛਕਿਆ ਅਤੇ ਦਾਸ ਦੇ ਹਿਰਦੇ ਵਿੱਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਦਾ ਗੋਲਾ ਬਣਨ ਦਾ ਬੀਜ ਬੀਜਿਆ ਗਿਆ।

ਤੇਜਾ ਸਿੰਘ

Joti Jot Rali | Sakhi - 65 | Sant Attar Singh Ji Mastuana Wale08 Oct 202200:01:35

#SantAttarSinghji #Sakhi 

ਜੋਤੀ ਜੋਤਿ ਰਲੀ  

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥  

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ (੮੪੬)

ਸੰਤ ਅਤਰ ਸਿੰਘ ਜੀ ਮਹਾਰਾਜ ਹਰ ਸਮੇਂ ਨਾਮ ਵਿੱਚ ਲੀਨ ਰਹਿੰਦੇ। ਆਪ ਨੇ ਸਾਰੀ ਮਾਨਵਤਾ ਨੂੰ ਬਿਨਾਂ ਕਿਸੇ ਜਾਤ-ਪਾਤ ਜਾਂ ਰੂਪ-ਰੰਗ ਦੇ ਵਿਤਕਰੇ ਤੋਂ ਗੁਰੂ ਨਾਨਕ ਦਾ ਉਪਦੇਸ਼ ਦ੍ਰਿੜ੍ਹਾ ਕੇ ਨਾਮ ਜਪਾਇਆ। ਸਾਰੀ ਸ੍ਰਿਸ਼ਟੀ ਦੇ ਦੁੱਖ ਹਰਨ ਲਈ ਸੰਤ ਜੀ ਮਹਾਰਾਜ ਨੇ ਆਪਣੇ ਸਰੀਰ ਨੂੰ ਸਰਪ (ਸੱਪ) ਤੋਂ ਡਸਾ ਕੇ ਗੁਪਤ ਬਲੀਦਾਨ ਕਰ ਦਿੱਤਾ। ਆਪ ੨ ਫਰਵਰੀ ੧੯੨੭ ਨੂੰ ਸੰਗਰੂਰ ਵਿਖੇ ਜੋਤੀ ਜੋਤਿ ਸਮਾ ਗਏ। ਕੁਝ ਦਿਨਾਂ ਬਾਅਦ ਭਾਈ ਹਰਨਾਮ ਸਿੰਘ ਗ੍ਰੰਥੀ ਬੜੇ ਵੈਰਾਗ ਵਿੱਚ ਆ ਗਏ। ਸੰਤ ਮਹਾਰਾਜ ਨੇ ਦਰਸ਼ਨ ਦੇ ਕੇ ਦਿਲਾਸਾ ਦਿੱਤਾ ਤੇ ਕਿਹਾ, "ਧਰਮ ਦੀ ਹਾਨੀ ਦੇਖ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਨੂੰ ਇਹ ਗੁਪਤ ਬਲੀਦਾਨ ਕਰਨਾ ਪਿਆ ਪਰ ਅਸੀਂ ਸੇਵਕਾਂ ਦੇ ਸਦਾ ਹੀ ਅੰਗ ਸੰਗ ਹਾਂ:"

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ (੨੭੩)

Sikh Di Sahaita | Sakhi - 56 | Sant Attar Singh ji Mastuana Wale06 Aug 202200:01:22

ਸਿੱਖ ਦੀ ਸਹਾਇਤਾ

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ (੨੮੬)

ਸੰਤ ਜੀ ਮਹਾਰਾਜ ਦੱਸਦੇ ਕਿ ਭਾਈ, ਗੁਰੂ ਸਿੱਖ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹੈ, ਜਿਸ ਤਰ੍ਹਾਂ ਮਾਤਾ ਆਪਣੇ ਛੋਟੇ ਬੱਚੇ ਨੂੰ ਸੰਭਾਲਦੀ ਹੈ। ਜੇ ਰੋਵੇ ਅਤੇ ਆਖੇ ਨਾ ਲੱਗੇ ਤਾਂ ਝਿੜਕਦੀ ਹੈ, ਪਰ ਜੇ ਫੇਰ ਉਂਗਲ ਫੜ ਲਵੇ ਤਾਂ ਉਂਗਲ ਦੇ ਸਹਾਰੇ ਕੁੱਛੜ ਚੁੱਕ ਲੈਂਦੀ ਹੈ। ਏਸ ਤਰ੍ਹਾਂ ਜੇ ਸਿੱਖ ਗੁਰੂ ਦੀ ਉਂਗਲ ਫੜ ਲਵੇ ਤਾਂ ਗੁਰੂ ਸਿੱਖ ਨੂੰ ਗੋਦੀ ਵਿੱਚ ਲੈ ਲੈਂਦਾ ਹੈ ਨਹੀਂ ਤਾਂ ਸਿੱਖ ਆਪਣੇ ਹੱਠ ਵਿੱਚ ਪਿਆ ਰੋਈ ਜਾਂਦਾ ਹੈ:

ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ (੬੪੦)

ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ, ਸਤਿਗੁਰੁ ਕੋਟਿ ਪੈਂਡਾ ਆਗੇ ਹਇ ਲੇਤ ਹੈ । (ਭਾਈ ਗੁਰਦਾਸ ਜੀ)

Ap Varge Kive Baniye | Sakhi - 55 | Sant Attar Singh ji Mastuana Wale30 Jul 202200:01:37

0000

Sidiya Dhaarna | Sakhi - 54 | Sant Attar Singh ji Mastuana Wale23 Jul 202200:04:18

#Sakhi #SantAttarSinghJi

ਸਿੱਧੀਆਂ ਧਾਰਨਾਂ

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ (੧੦੨)

ਸੰਤ ਅਤਰ ਸਿੰਘ ਜੀ ਮਹਾਰਾਜ ਧੰਨ ਪੋਠੋਹਾਰ ਵਿੱਚ ਰਾਗਾਂ ਵਿੱਚ ਹੀ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੋਂ ਦੇ ਸਿੱਖ ਰਾਗਾਂ ਨੂੰ ਸਮਝਦੇ ਸਨ। ਜਦੋਂ ਸੰਤ ਜੀ ਮਾਲਵੇ ਵਿੱਚ ਆਏ ਤਾਂ ਇੱਥੋਂ ਦੇ ਲੋਕ ਰਾਗਾਂ ਬਾਰੇ ਕੁਝ ਨਹੀਂ ਸੀ ਜਾਣਦੇ। ਜਦੋਂ ਵੀ ਕੋਈ ਧਾਰਮਿਕ ਦੀਵਾਨ ਹੁੰਦਾ ਅਤੇ ਕੋਈ ਰਾਗੀ ਰਾਗਾਂ ਵਿੱਚ ਕੀਰਤਨ ਕਰਦੇ ਤਾਂ ਮਾਲਵੇ ਦੇ ਲੋਕ ਕੁਝ ਨਹੀਂ ਸਮਝਦੇ ਸਨ ਅਤੇ ਉੱਠ ਕੇ ਚਲੇ ਜਾਂਦੇ ਸਨ। ਮਾਲਵੇ ਦੇ ਜਿਆਦਾਤਰ ਲੋਕ ਮੜ੍ਹੀ, ਮਸਾਣ, ਕਬਰਾਂ, ਖੁਆਜਾ ਅਤੇ ਗੁੱਗੇ-ਪੀਰਾਂ ਨੂੰ ਪੂਜਦੇ ਸਨ। ਉਹ ਲੋਕ ਬੜੀਆਂ ਹੀ ਗੰਦੀਆਂ ਬੋਲੀਆਂ ਵਿੱਚ ਆਪਣੀਆਂ ਹੀ ਬਣਾਈਆਂ ਧਾਰਨਾਂ ਵਿੱਚ ਗੰਦੇ ਗੀਤ ਗਾਉਂਦੇ ਸਨ। ਸੰਤ ਜੀ ਮਹਾਰਾਜ ਨੇ ਆਪਣੇ ਇਲਾਹੀ ਗਿਆਨ ਨਾਲ ਇਹ ਨਿਰਣਾ ਲਿਆ ਕਿ ਇਹ ਲੋਕ ਰਾਗਾਂ ਵਿੱਚ ਗੁਰਬਾਣੀ-ਕੀਰਤਨ ਰਾਹੀਂ ਸਿੱਖੀ ਨਾਲ ਨਹੀਂ ਜੁੜ ਸਕਦੇ। ਮਹਾਂਪੁਰਸ਼ਾਂ ਨੇ ਉਨ੍ਹਾਂ ਦੀਆਂ ਬੋਲੀਆਂ ਅਤੇ ਤਰਜਾਂ ਨੂੰ ਲੈ ਕੇ ਗੁਰਬਾਣੀ ਦਾ ਕੀਰਤਨ ਐਸੇ ਢੰਗ ਨਾਲ ਕੀਤਾ ਕਿ ਮਾਲਵੇ ਦੇ ਲੋਕ ਸਿੱਖੀ ਨਾਲ ਜੁੜਨ ਲੱਗ ਪਏ। ਉਨ੍ਹਾਂ ਨੇ ਪੁਰਾਣੀਆਂ ਕੁਰੀਤੀਆਂ ਅਤੇ ਵਹਿਮ-ਭਰਮ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਏ। ਇਸ ਸਿੱਧੀਆਂ ਧਾਰਨਾ ਦੇ ਕੀਰਤਨ ਨੇ ਮਾਲਵੇ ਦੇ ਲੋਕਾਂ ਦੇ ਹਿਰਦਿਆਂ ਨੂੰ ਐਸਾ ਹਲੂਣਾ ਦਿੱਤਾ ਕਿ ਉਹ ਲੋਕ ਸਿੱਖੀ ਵੱਲ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਣ ਲਗ ਪਏ। ਮਾਲਵੇ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਮਹਾਂਪੁਰਸ਼ਾਂ ਨੇ ਇਹ ਬਹੁਤ ਹੀ ਉੱਚਾ-ਸੁੱਚਾ ਅਤੇ ਸੌਖਾ ਢੰਗ ਲੱਭਿਆ। ਇਹ ਧਾਰਨਾਂ ਦੀ ਰਵਾਇਤ ਮਾਲਵੇ ਦੇ ਸੰਤਾਂ-ਮਹਾਂਪੁਰਸ਼ਾਂ ਨੇ ਅਪਨਾ ਲਈ ਅਤੇ ਧਾਰਨਾਂ ਵਿੱਚ ਕੀਰਤਨ ਕਰਨ ਦਾ ਮੁੱਢ ਬੱਝਿਆ।

ਸੰਤ ਅਤਰ ਸਿੰਘ ਜੀ ਮਹਾਰਾਜ ਗੁਰਬਾਣੀ ਸ਼ਬਦਾਂ ਦੀਆਂ ਸਿੱਧੀਆਂ ਧਾਰਨਾਂ ਉੱਚੀ ਸੁਰ ਵਿੱਚ ਪਹਿਲਾਂ ਆਪ ਪੜ੍ਹਦੇ, ਫਿਰ ਭਾਈ ਅਤੇ ਪਿੱਛੋਂ ਬੀਬੀਆਂ ਪੜ੍ਹਦੀਆਂ। ਇਸ ਤਰ੍ਹਾਂ ਸਾਰਾ ਵਾਤਾਵਰਨ ਹੀ ਸ਼ਬਦ ਦੀ ਗੂੰਜ ਨਾਲ ਭਰਪੂਰ ਹੋ ਜਾਂਦਾ ਅਤੇ ਸਭ ਨੂੰ ਵਿਸਮਾਦ ਦੀ ਰੰਗਣ ਵਿੱਚ ਲੈ ਜਾਂਦਾ। ਇੱਕ ਦੀਵਾਨ ਵਿੱਚ ਭਾਈ ਦੀਦਾਰ ਸਿੰਘ ਜੀ ਨੇ ਫ਼ੁਰਨਾ ਕੀਤਾ ਕਿ ਸੰਤਾਂ ਨੂੰ ਰਾਗ ਦੀ ਸੋਝੀ ਨਹੀਂ। ਸ਼ਬਦ ਦੇ ਭੋਗ ਮਗਰੋਂ ਸੰਤ ਜੀ ਨੇ ਖ਼ਾਸ ਰੰਗ ਵਿੱਚ ਆ ਕੇ ਸਮੇਂ ਅਨੁਸਾਰ ਰਾਗ ਵਿੱਚ ਸ਼ਬਦ ਪੜ੍ਹਿਆ ਅਤੇ ਸਹਿਜ-ਸੁਭਾਇ ਕਿਹਾ, "ਭਾਈ! ਗੁਰੂ ਨਾਨਕ ਸਾਹਿਬ ਦੇ ਕੂਕਰਾਂ ਨੂੰ ਰਾਗ ਸਿੱਖਣ ਦੀ ਲੋੜ ਨਹੀਂ ਹੁੰਦੀ। ਸੁਤੇ ਸਿਧ ਹੀ ਸਤਿਗੁਰੂ ਜੀ ਉਨ੍ਹਾਂ ਦੇ ਹਿਰਦੇ ਵਿੱਚ ਰਾਗ ਵਿੱਦਿਆ ਦੀ ਬਖਸ਼ਿਸ਼ ਕਰਦੇ ਹਨ।" ਇੱਕ ਵਾਰ ਸੰਤ ਜੀ ਧਾਰਨਾਂ ਵਿੱਚ ਗੁਰਬਾਣੀ-ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਹੀ ਭਾਈ ਕਾਹਨ ਸਿੰਘ ਨਾਭਾ ਬੈਠੇ ਸਨ ਤਾਂ ਸੰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਭੋਲੀ-ਭਾਲੀ ਸੰਗਤ ਨੂੰ ਬਾਣੀ ਨਾਲ ਜੋੜਨ ਵਾਸਤੇ ਧਾਰਨਾਂ ਵਿੱਚ ਕੀਰਤਨ ਕਰਦੇ ਹਾਂ।

ਸੰਤਾਂ ਦੀ ਅਵਾਜ ਐਨੀ ਉੱਚੀ ਅਤੇ ਗਰਜਵੀਂ ਹੁੰਦੀ ਸੀ ਕਿ ਦੋ-ਦੋ ਮੀਲ ਤਕ ਸੁਣਾਈ ਦਿੰਦੀ ਸੀ। ਇੱਕ ਵਾਰ ਸੰਤ ਜੀ ਬੜੀ ਉੱਚੀ ਆਵਾਜ਼ ਵਿੱਚ ਕੀਰਤਨ ਕਰ ਰਹੇ ਸਨ ਤਾਂ ਦੂਰ ਖੇਤਾਂ ਵਿੱਚ ਇੱਕ ਕਿਸਾਨ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਸਾਧ ਕਿਸ ਤਰ੍ਹਾਂ ਕੱਟੇ ਵਾਗੂੰ ਅਰੜਾ (ਪਸ਼ੂ ਵਾਂਗੂੰ ਬੋਲ) ਰਿਹਾ ਹੈ। ਸੰਤਾਂ ਨੇ ਉਸ ਦੇ ਹਿਰਦੇ ਦੀ ਗੱਲ ਬੁੱਝ, ਉੱਚੀ ਸੁਰ ਵਿੱਚ ਪੜ੍ਹਿਆ, "ਹਰੀ ਦੇ ਗੁਣ ਗਾਓ ਭਾਵੇਂ ਕੱਟੇ ਵਾਂਗੂੰ ਅਰੜਾਓ।" ਉਸ ਕਿਸਾਨ ਦੇ ਹਿਰਦੇ ਵਿੱਚ ਪ੍ਰੇਮ ਦੀ ਐਸੀ ਠੋਕਰ ਵੱਜੀ ਕਿ ਉਹ ਉਸੇ ਵੇਲੇ ਹਲ ਛੱਡ ਦੌੜਿਆ ਆਇਆ ਅਤੇ ਸੰਤਾਂ ਦੇ ਚਰਨਾਂ 'ਤੇ ਢਹਿ ਕੇ ਰੋ-ਰੋ ਕੇ ਕਹਿਣ ਲੱਗਾ ਕਿ ਮੇਰੀ ਭੁੱਲ ਬਖਸ਼ ਕੇ ਗੁਰੂ ਨਾਲ ਜੋੜ ਦਿਓ।

Amrit Baata Sab Da Sanjha | Sakhi - 53 | Sant Attar Singh ji Mastuana Wale16 Jul 202200:01:33

#Sakhi #SantAttarSinghJi 

'ਅੰਮ੍ਰਿਤ-ਬਾਟਾ' ਸਭ ਦਾ ਸਾਂਝਾ  

ਕੁਝ ਸਮੇਂ ਪਹਿਲਾਂ ਪੰਥ ਵਿੱਚ ਆਈ ਢਿੱਲ ਕਾਰਣ, ਬੀਬੀਆਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਜਗ੍ਹਾ, ਕਿਰਪਾਨ ਨਾਲ ਹੀ ਅੰਮ੍ਰਿਤ ਛਕਾ ਦੇਣਾ ਪ੍ਰਚੱਲਤ ਹੋ ਗਿਆ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਦਾਤੇ ਦਾ ਅੰਮ੍ਰਿਤ-ਬਾਟਾ ਮਾਈ-ਭਾਈ ਸਭ ਲਈ ਸਾਂਝਾ ਹੈ।" ਇਉਂ ਸਿੰਘਣੀਆਂ ਨੂੰ ਖੰਡੇ-ਬਾਟੇ ਨਾਲ ਅੰਮ੍ਰਿਤ ਛਕਾਉਣ ਦੀ ਮਰਿਯਾਦਾ ਸੁਰਜੀਤ ਹੋਈ। ਸੰਤ ਜੀ ਫ਼ੁਰਮਾਉਂਦੇ, "ਜਿੱਥੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਗੁਰ ਮਰਿਯਾਦਾ ਅਨੁਸਾਰ ਅੰਮ੍ਰਿਤ ਤਿਆਰ ਕਰਦੇ ਹਨ, ਉੱਥੇ ਸਤਿਗੁਰੂ ਬੀਰ-ਰਸ, ਨਾਮ-ਰਸ ਅਤੇ ਪ੍ਰੇਮ-ਰਸ ਦਾ ਪ੍ਰਕਾਸ਼ ਕਰਦੇ ਹਨ ਅਤੇ ਖ਼ੁਦ ਹਾਜ਼ਰ ਹੋ ਕੇ ਅੰਮ੍ਰਿਤ ਛਕਾਉਂਦੇ ਹਨ। ਇਸ ਲਈ ਕੋਈ ਫ਼ਰਕ ਨਹੀਂ ਕਰਨਾ ਚਾਹੀਦਾ ਕਿ ਕਿਸ ਤੋਂ ਅੰਮ੍ਰਿਤ ਛਕਣਾ ਹੈ।" ਇਹ ਵੀ ਫੁਰਮਾਉਂਦੇ ਕਿ ਅਸੀਂ ਤਾਂ ਸਤਿਗੁਰੂ ਦੇ ਇੱਕ ਗਰੀਬ ਸਿੱਖ ਹਾਂ, ਪੰਜਾਂ ਪਿਆਰਿਆਂ ਵਿੱਚ ਤਾਂ ਸਤਿਗੁਰੂ ਆਪ ਵਰਤਦੇ ਹਨ।

Maryada Purshotam | Sakhi - 52 | Sant Attar Singh ji Mastuana Wale09 Jul 202200:02:00

#Sakhi #SantAttarSinghJi 

'ਮਰਿਯਾਦਾ ਪ੍ਰਸ਼ੋਤਮ  ਸੰਤ ਜੀ ਮਹਾਰਾਜ ਮਰਿਯਾਦਾ ਪ੍ਰਸ਼ੋਤਮ ਸਨ। ਸ਼ਬਦ-ਕੀਰਤਨ ਵੇਲੇ ਸੰਗਤ ਨਾਲ ਹੀ ਬੈਠਦੇ, ਨਾ ਕਿ ਵੱਖਰੇ ਆਸਣ 'ਤੇ। ਕੀਰਤਨ ਕਰਦੀ ਹੋਈ ਸੰਗਤ ਨਾਲ ਸਵਾਰੀ ਦੀ ਜਗ੍ਹਾ ਪੈਦਲ ਚੱਲਦੇ। ਆਪ ਫ਼ੁਰਮਾਉਂਦੇ, "ਭਾਈ, ਸ਼ਬਦ-ਕੀਰਤਨ ਹੁੰਦਿਆਂ ਗੁਰ ਫਤਹਿ ਬੁਲਾਉਣੀ ਹੀ ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਵਿਅਕਤੀ ਨੂੰ ਮੱਥਾ ਟੇਕਣਾ ਮਰਿਯਾਦਾ ਦੇ ਉਲਟ ਹੈ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੀ ਬੈਠਦੇ ਤਾਂ ਜੋ ਪ੍ਰੇਮੀ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਰਨ। ਸੰਤ ਜੀ ਮਹਾਰਾਜ ਨੂੰ ਰਾਵਲ ਪਿੰਡੀ ਕਿਸੇ ਪ੍ਰੇਮੀ ਨੇ ਪੁੱਛਿਆ ਕਿ ਆਪ ਜੀ ਦਾ ਦੇਹਧਾਰੀ ਗੁਰੂ ਦੇ ਮੁਤੱਲਕ ਕੀ ਖ਼ਿਆਲ ਹੈ ਤਾਂ ਸੰਤ ਜੀ ਨੇ ਫ਼ੁਰਮਾਇਆ, "ਦੇਹ ਅੱਜ ਤੱਕ ਨਾ ਗੁਰੂ ਹੋਈ ਹੈ ਅਤੇ ਨਾ ਹੋਵੇਗੀ। ਗੁਰੂ ਨਾਨਕ ਦੇਵ ਜੀ ਵੀ ਜਦੋਂ ਦੇਹ ਵਿੱਚ ਵਿੱਚਰਦੇ ਸਨ ਤਾਂ ਸ਼ਬਦ-ਗੁਰੂ ਦੀ ਹੀ ਠੋਕਰ ਮਾਰਦੇ ਸਨ।" ਜਦੋਂ ਸਿੱਧਾਂ ਨੇ ਗੁਰੂ ਜੀ ਨੂੰ ਪੁੱਛਿਆ:  

ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ (੯੪੨)  

ਤਾਂ ਗੁਰੂ ਸਾਹਿਬ ਜੀ ਨੇ ਫ਼ੁਰਮਾਇਆ:  

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (੯੪੨) 

 ਸ਼ਬਦ-ਗੁਰੂ ਹੀ ਸਿੱਖੀ ਦਾ ਧੁਰਾ ਹੈ ਅਤੇ ਸਿੱਖ ਦੀ ਸੁਰਤ ਉਸ ਦਾ ਚੇਲਾ ਹੈ।  

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ (੯੮੨)  

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ (੫੧੬)

Amrit Sanchar | Sakhi - 51 | Sant Attar Singh ji Mastuana Wale02 Jul 202200:01:17

#SantAttarSinghji #Sakhi 

ਅੰਮ੍ਰਿਤ ਸੰਚਾਰ  

ਪ੍ਰਿਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ ॥ 

ਸੋਈ ਸਿਖ ਪਰਧਾਨ ਅਵਰ ਨ ਪਾਹੁਲ ਜੋ ਲਏ ॥  

ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਾਰੇ ਪੰਜਾਬ, ਸਿੰਧ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਨਾਮ-ਬਾਣੀ ਦਾ ਅਤੁੱਟ ਪ੍ਰਵਾਹ ਚਲਾਇਆ। ਲਗਭਗ ੧੪ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ-ਪਾਨ ਕਰਾ, ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਇਆ। ਪੰਥ ਦੇ ਕਈ ਉੱਘੇ ਵਿਅਕਤੀਆਂ, ਜਿਵੇਂ ਕਿ ਮਾਸਟਰ ਤਾਰਾ ਸਿੰਘ, ਡਾ. ਭਾਈ ਜੋਧ ਸਿੰਘ, ਭਾਈ ਹਰਿਕਿਸ਼ਨ ਸਿੰਘ, ਮਲਕ ਮੋਹਨ ਸਿੰਘ, ਸਾਬਕਾ ਐਮਬੈਸਡਰ ਮਲਕ ਹਰਦਿੱਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਆਦਿ ਨੇ ਵੀ ਸੰਤਾਂ ਦੇ ਰਾਹੀਂ ਹੀ ਅੰਮ੍ਰਿਤ ਛਕਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ:  

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥ (੯੧੮)

Yog Vashist Granth Katha | Sakhi - 50 | Sant Attar Singh ji Mastuana Wale25 Jun 202200:01:37

#SantAttarSinghji #Sakhi 

ਯੋਗ-ਵਸ਼ਿਸ਼ਟ ਗ੍ਰੰਥ ਕਥਾ 

 ਪਿੰਡ ਬਾਲੇਵਾਲ ਵਿਖੇ (ਸੰਤ) ਭਾਈ ਤੇਜਾ ਸਿੰਘ ਜੀ ਕੁਝ ਧਾਰਮਿਕ ਗ੍ਰੰਥ ਲੈ ਆਏ। ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਭਾਈ! ਇਹ ਤਾਂ ਤੁਸਾਂ ਇੱਕ ਵੱਡਾ ਖਜ਼ਾਨਾ ਲੈ ਆਂਦਾ ਹੈ।" ਸੰਤ ਅਤਰ ਸਿੰਘ ਜੀ ਨੇ ਇਨ੍ਹਾਂ ਗ੍ਰੰਥਾਂ ਵਿੱਚੋਂ ਯੋਗ-ਵਸ਼ਿਸ਼ਟ ਦੀ ਕਥਾ ਸ਼ੁਰੂ ਕੀਤੀ। ਇਸ ਗੰਥ ਵਿੱਚ ਮਹਾਂਰਿਸ਼ੀ ਵਸ਼ਿਸ਼ਟ ਜੀ ਦੁਆਰਾ ਆਤਮ-ਮਾਰਗ ਦਾ ਉਹ ਉਪਦੇਸ਼ ਦਿੱਤਾ ਹੋਇਆ ਹੈ, ਜੋ ਉਨ੍ਹਾਂ ਨੇ ਸ੍ਰੀ ਰਾਮ ਚੰਦਰ ਜੀ ਨੂੰ ਦਿੱਤਾ ਸੀ। ਬਾਲੇਵਾਲ ਤੋਂ ਸੰਤ ਜੀ ਭਾਈ ਗੋਬਿੰਦਰ ਸਿੰਘ ਦੀ ਕੋਠੀ ਸੰਗਰੂਰ ਆ ਗਏ। ਕਥਾ ਦਾ ਪਰਵਾਹ ਉਸੇ ਤਰ੍ਹਾਂ ਹੀ ਚੱਲਿਆ। ਕਥਾ ਦਾ ਭੋਗ ਪਾਉਣ 'ਤੇ ਫ਼ੁਰਮਾਇਆ ਕਿ ਸਾਰੇ ਯੋਗ-ਵਸ਼ਿਸ਼ਟ ਦੇ ਗਿਆਨ ਦਾ ਨਿਚੋੜ ਗੁਰਬਾਣੀ ਦੀ ਇਸ ਇੱਕ ਤੁੱਕ ਵਿੱਚ ਹੀ ਪੂਰਾ ਹੋ ਜਾਂਦਾ ਹੈ:  

ਗੁਰ ਸਾਖੀ ਜੋਤਿ ਪਰਗਟੁ ਹੋਇ ॥ (੧੩) 

 ਗੁਰਬਾਣੀ ਦੀ ਇਸ ਤੁਕ ਦੇ ਤੱਤ ਨੂੰ ਗੁਰਬਾਣੀ ਦੀਆਂ ਹੋਰ ਤੁਕਾਂ ਵੀ ਵਿਸਥਾਰ ਰੂਪ ਵਿੱਚ ਦੱਸਦੀਆਂ ਹਨ ਜਿਵੇਂ: 

 ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ 

 ਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਹਾਰਾ ॥ (੫੯੯)

Brahm Vidya Da Imthihaan | Sakhi - 49 | Sant Attar Singh ji Mastuana Wale18 Jun 202200:01:30

#SantAttarSinghji #Sakhi 

ਬ੍ਰਹਮ ਵਿੱਦਿਆ ਦਾ ਇਮਤਿਹਾਨ  ਬ੍ਰਹਮ ਗਿਆਨ ਦੇ ਉਪਦੇਸ਼ ਦੀ ਚਰਚਾ ਕਰਦਿਆਂ ਹੋਇਆਂ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਇੱਕ ਖਾਸ ਰੰਗ ਵਿੱਚ ਭਾਈ ਤੇਜਾ ਸਿੰਘ ਜੀ ਨੂੰ ਆਖਿਆ, "ਤੁਸੀਂ ਬੜੇ ਐਮ.ਏ. ਦੇ ਇਮਤਿਹਾਨ ਪਾਸ ਕੀਤੇ ਹਨ ਪਰ ਬ੍ਰਹਮ ਵਿੱਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ, ਜਦ ਪਿੱਛੋਂ ਆ ਕੇ ਕੋਈ ਲੱਤਾਂ ਤੇ ਠੁੱਡੇ ਮਾਰੇ, ਬੇਅੰਤ ਗਾਲ੍ਹਾਂ ਕੱਢੇ ਅਤੇ ਆਖੇ ਕਿ ਤੂੰ ਬੜਾ ਹੀ ਕੰਜਰ ਹੈਂ। ਉਸ ਦੇ ਮੂੰਹੋਂ ਗੁੱਸੇ ਦਾ ਸ਼ਬਦ ਤਾਂ ਕੀ ਨਿਕਲੇ, ਹਿਰਦੇ ਵਿੱਚ ਰੱਤੀ ਭਰ ਵੀ ਗੁੱਸਾ, ਈਰਖਾ, ਵਿਰੋਧ ਜਾਂ ਨਫ਼ਰਤ ਉਸ ਪ੍ਰਤੀ ਨਾ ਆਵੇ। ਅਕਾਲ ਪੁਰਖ ਦੀ ਬਖਸ਼ਿਸ਼ ਸਮਝ ਕੇ ਉਸ ਨੂੰ ਹੱਥ ਜੋੜ ਕੇ ਆਖੇ, ਤੁਸੀਂ ਬੜੀ ਕਿਰਪਾ ਕੀਤੀ ਹੈ। ਮੇਰੇ ਮੂਰਖ ਮਨ ਨੂੰ ਹੋਰ ਉੱਤੇ ਉੱਠਣ ਵਾਸਤੇ ਠੋਕਰ ਮਾਰੀ ਹੈ:  

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ 

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ (੬੩੩)  

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ (੨੧੯)

Paschmi Sabhaya Karan Gurmat To Duri | Sakhi - 48 | Sant Attar Singh ji Mastuana Wale11 Jun 202200:01:25

#SantAttarSinghji #Sakhi 

ਪੱਛਮੀ ਸਭਿਅਤਾ ਕਾਰਣ ਗੁਰਮਤਿ ਤੋਂ ਦੂਰੀ  

ਇੱਕ ਸ਼ਾਮ ਨੂੰ ਡੱਲ ਝੀਲ ਦੇ ਕਿਨਾਰੇ ਸੈਰ ਕਰਦਿਆਂ ਸਾਮ੍ਹਣੇ ਇੱਕ ਮੇਮ (ਅੰਗਰੇਜ਼ ਔਰਤ) ਨੂੰ ਦੇਖ ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਭਾਈ! ਇਨ੍ਹਾਂ ਨੂੰ ਰੱਬ ਦੇ ਘਰ ਦਾ ਕੋਈ ਪਤਾ ਨਹੀਂ। ਆਤਮ-ਰਸ ਅਤੇ ਬ੍ਰਹਮ-ਗਿਆਨ ਇਨ੍ਹਾਂ ਦੇ ਉੱਕਾ ਹੀ ਨੇੜੇ ਨਹੀਂ। ਇਨ੍ਹਾਂ ਦੀ ਹਕੂਮਤ ਅਤੇ ਪੱਛਮੀ ਸਭਿਅਤਾ ਦੇ ਅਸਰ ਹੇਠ ਲੋਕ ਰੱਬ ਦੀ ਹੋਂਦ ਤੋਂ ਦੂਰ ਚਲੇ ਗਏ ਹਨ। ਵਾਹਿਗੁਰੂ ਅਕਾਲ ਪੁਰਖ ਦਾ ਭੈ ਅਤੇ ਭਾਉ ਉੱਕਾ ਹੀ ਉੱਡ ਗਿਆ ਹੈ। ਜਦ ਦਾ ਭਾਰਤ-ਵਰਸ਼ ਬਣਿਆ ਹੈ, ਇਹੋ ਜਿਹਾ ਪਾਪ-ਚੱਕਰ ਏਸ ਦੇਸ਼ ਵਿੱਚ ਕਦੀ ਵੀ ਨਹੀਂ ਸੀ ਚੱਲਿਆ। ਔਰੰਗਜ਼ੇਬ ਵੀ ਇਨ੍ਹਾਂ ਨਾਲੋਂ ਚੰਗਾ ਸੀ, ਜੋ ਕੁਰਾਨ ਦੀ ਲਿਖਾਈ ਕਰਕੇ ਇੱਕ ਡੰਗ ਦੀ ਰੋਟੀ ਦਾ ਗੁਜ਼ਾਰਾ ਕਰਦਾ ਸੀ। ਉਸ ਦੀ ਇਸ ਗੱਲ ਵਿੱਚ ਫ਼ਕੀਰੀ ਦੀ ਰਮਜ਼ ਸੀ, ਪਰ ਅੱਜ-ਕੱਲ੍ਹ ਫ਼ਕੀਰੀ ਨੂੰ ਟਿੱਚਰ ਹੈ। ਇਹ ਪ੍ਰੇਤ-ਚੱਕਰ ਨਿਕਲ ਜਾਵੇ।

Brahm Gyaan Da Updesh | Sakhi - 47 | Sant Attar Singh ji Mastuana Wale04 Jun 202200:01:35

#SantAttarSinghji #Sakhi 

ਬ੍ਰਹਮ ਗਿਆਨ ਦਾ ਉਪਦੇਸ਼  ਸ੍ਰੀ ਨਗਰ ਡੱਲ ਝੀਲ ਵਿੱਚ ਕਿਸ਼ਤੀ 'ਤੇ ਸੈਰ ਕਰਦਿਆਂ ਦੇਖਿਆ ਕਿ ਡੱਲ ਦੇ ਟਿਕੇ ਜਲ ਵਿੱਚ ਆਲੇ-ਦੁਆਲੇ ਦੇ ਪਹਾੜਾਂ ਦਾ ਨਕਸ਼ਾ ਖਿੱਚਿਆ ਦਿੱਸਦਾ ਹੈ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ ਤੇਜਾ ਸਿੰਘ ਜੀ! ਜਿਸ ਤਰ੍ਹਾਂ ਪਾਣੀ ਵਿੱਚ ਇਹ ਹੇਠਲੇ ਪਹਾੜ ਦਿਖਾਈ ਦਿੰਦੇ ਹਨ, ਪਰ ਹੈ ਨਹੀਂ, ਏਸੇ ਤਰ੍ਹਾਂ ਹੀ ਮਹਾਂ ਅਕਾਸ਼ ਦੇ ਅਡੋਲ ਅਤੇ ਅਥਾਹ ਸੰਸਾਰ-ਸਮੁੰਦਰ ਵਿੱਚ ਦੁਨੀਆਂ ਇੱਕ ਅਭਾਸ ਹੀ ਹੈ, ਜੋ ਇਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ, ਪਰ ਵਾਸਤਵ ਵਿੱਚ ਹੈ ਨਹੀਂ।"  

ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥ (੧੦੮੩) 

 ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥ (੧੨੦੪)  

ਜੋ ਦਿਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥  

ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥ (੧੧੦੦)  

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ (੧੪੨੯)  

ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥ (੧੧੮੬)

Sohna ate Uttam Tareeka | Sakhi - 64 | Sant Attar Singh Ji Mastuana Wale01 Oct 202200:01:37

#SantAttarSinghji #Sakhi 

ਸੋਹਣਾ ਅਤੇ ਉੱਤਮ ਤਰੀਕਾ  

ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ ॥

ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲੇ) ਜਦੋਂ ਮਸਤੂਆਣੇ ਆਏ ਤਾਂ ਪਰਸਪਰ ਬ੍ਰਹਮ-ਵਿਚਾਰ ਕਰਦਿਆਂ ਹੋਇਆਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ, "ਗਿਆਨੀ ਸੁੰਦਰ ਸਿੰਘ ਜੀ! ਅਸੀਂ ਤਾਂ ਗੁਰਮੰਤ੍ਰ ਦੇ ਆਸਰੇ ਚਿੰਤਨ (ਸੰਸਾਰ) ਤੋਂ ਅਚਿੰਤ ਹੁੰਦੇ ਹੋਏ ਆਪਣੇ ਨਿਜ-ਸਰੂਪ (ਨਿਰਾਕਾਰ) ਵਿੱਚ ਬਿਰਤੀ ਲੀਨ ਕਰਨ ਦਾ ਤਰੀਕਾ ਕਰਦੇ ਹਾਂ। ਤੁਸੀਂ ਬਲੀ ਪੁਰਖ ਗਿਆਨ ਆਸਰੇ ਮਨ ਨੂੰ ਚਿੰਤਾ ਤੋਂ ਅਚਿੰਤ ਕਰਕੇ, ਚਿੰਤਾ ਅਚਿੰਤਾ ਰਹਿਤ ਅਤੇ ਇਹਨਾਂ ਦੇ ਦੁੰਦਾਭਾਵ ਕਰਕੇ, ਸਵੈ ਅਨੁਭਵ ਪ੍ਰਕਾਸ਼ ਸਰੂਪ ਵਿੱਚ ਲੀਨ ਹੁੰਦੇ ਹੋ।" ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਕਿਹਾ, "ਮਹਾਰਾਜ! ਆਪ ਜੀ ਦਾ ਜੋ ਗੁਰ-ਮੰਤਰ ਕਰਕੇ ਨਿਰ ਆਧਾਰ ਹੋਣ ਦਾ ਤਰੀਕਾ ਹੈ, ਇਹੋ ਸਭ ਤੋਂ ਸੋਹਣਾ ਤੇ ਉੱਤਮ ਤਰੀਕਾ ਹੈ":

ਚਿੰਤਾ ਭੀ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥ (੧੩੭੬) 

 ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ (੫੮੭)

Sri Nagar Vich Amolak Bachan | Sakhi - 46 | Sant Attar Singh ji Mastuana Wale28 May 202200:01:34

#SantAttarSinghji #Sakhi

ਸ੍ਰੀ ਨਗਰ ਵਿੱਚ ਅਨਮੋਲ ਬਚਨ  

ਸ੍ਰੀ ਨਗਰ ਦੇ ਅਖ਼ੀਰਲੇ ਦੌਰੇ ਸਮੇਂ ਇੱਕ ਡਾਕ-ਬੰਗਲੇ ਵਿੱਚ ਸ਼ਾਮ ਦਾ ਦੀਵਾਨ ਸਜਿਆ। ਭੋਗ ਪਿੱਛੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ! ਅੱਜ ਦੇਵਤਿਆਂ ਦਾ ਦੀਵਾਨ ਸੀ, ਤੇਤੀ ਕਰੋੜ ਦੇਵਤੇ, ਸ਼ਹੀਦ, ਮੁਰੀਦ ਸਭ ਹਾਜ਼ਰ ਸਨ।" ਫਿਰ ਫ਼ੁਰਮਾਇਆ, "ਭਾਈ! ਪੰਡ ਬੜੀ ਭਾਰੀ ਹੈ। ਸਾਰੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨਾਲ ਇੱਕ-ਰਸ ਵਰਤਣਾ ਅਤੇ ਸਭ ਦਾ ਪ੍ਰੇਮ ਲੈਣਾ ਬੜਾ ਹੀ ਕਠਿਨ ਹੈ। ਸਤਿਗੁਰ ਕਿਰਪਾ ਕਰੇ ਅਤੇ ਆਪਣੀ ਤਾਕਤ ਬਖਸ਼ੇ ਤਾਂ ਹੀ ਇਹ ਕੰਮ ਸਿਰੇ ਚੜ੍ਹ ਸਕਦਾ ਹੈ। ਵੱਖਰਾ ਡੇਰਾ ਅਤੇ ਜੱਥਾ ਬਣਾ ਕੇ ਬਹਿ ਜਾਣਾ ਅਤੇ ਕੁਝ ਸੇਵਕ ਮਗਰ ਲਾ ਲੈਣਾ ਕੋਈ ਔਖੀ ਗੱਲ ਨਹੀਂ।" 

ਸ੍ਰੀ ਨਗਰ ਇੱਕ ਸ਼ਾਮ ਬਚਨ ਕੀਤਾ, "ਹਿੰਦੁਸਤਾਨ ਵਿੱਚ ਝੂਠ, ਠੱਗੀ, ਫਰੇਬ ਬਹੁਤ ਹੋ ਗਿਆ ਹੈ, ਇਸ ਮੁਲਕ ਵਿੱਚ ਇਨ੍ਹਾਂ ਦਾ ਨਾਸ ਹੋਵੇ।" ਪਰ ਨਾਲ ਹੀ ਅਸੀਸ ਦਿੱਤੀ:  

"ਅਧਰਮ ਖੈ ਹੋਵੇ ਅਤੇ ਧਰਮ ਦਾ ਪ੍ਰਕਾਸ਼ ਹੋਵੇ।"  

ਇਸ ਤੋਂ ਇਲਾਵਾ ਸਾਰੀ ਆਯੂ ਕਾਲ ਵਿੱਚ ਕਿਸੇ ਨੂੰ ਵੀ ਵਰ-ਸਰਾਪ ਨਹੀਂ ਦਿੱਤਾ।

Sadhu Ho Ke Kesh Katwaunde Hoe | Sakhi - 45 | Sant Attar Singh ji Mastuana Wale21 May 202200:01:30

#SantAttarSinghji #Sakhi

ਸਾਧੂ ਹੋ ਕੇ ਕੇਸ ਕਟਾਉਂਦੇ ਹੋ?  

ਬਨਾਰਸ ਵਿਖੇ ਵਿਦਿਆਰਥੀ ਇਲਾਚੀ ਰਾਮ ਅਤੇ ਉਸ ਦੇ ਸਾਥੀ ਨੇ ਪ੍ਰੇਮ ਨਾਲ ਸੰਤ ਅਤਰ ਸਿੰਘ ਜੀ ਨੂੰ ਆਪਣੇ ਸਥਾਨ 'ਤੇ ਬੁਲਾਇਆ। ਸੰਤ ਜੀ ਮਹਾਰਾਜ ਨੇ ਕਿਹਾ, "ਤੁਸੀਂ ਸਾਧੂ ਹੋ ਕੇ ਕੇਸ ਕਟਾਉਂਦੇ ਹੋ? ਕੇਸ ਧਾਰਨ ਦਾ ਪ੍ਰਣ ਕਰੋ। ਅਸੀਂ ਪ੍ਰਸ਼ਾਦ ਤਾਂ ਛਕਾਂਗੇ।" ਇਲਾਚੀ ਰਾਮ ਨੇ ਬੇਨਤੀ ਕੀਤੀ, "ਸੱਚੇ ਪਾਤਸ਼ਾਹ! ਕੇਸ ਰੱਖਣ ਨਾਲ ਮੇਰੀਆਂ ਅੱਖਾਂ ਆ ਜਾਂਦੀਆਂ ਹਨ ਅਤੇ ਦੂਜੇ ਵਿਦਿਆਰਥੀ ਦੀਆਂ ਜਾੜ੍ਹਾਂ ਦੁਖਦੀਆਂ ਹਨ।" ਇਹ ਸੁਣ, ਸੰਤ ਜੀ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਜਲ ਲਿਆ ਅਤੇ ਬਾਣੀ ਪੜ੍ਹ ਕੇ ਇੱਕ ਦੀਆਂ ਅੱਖਾਂ ਅਤੇ ਦੂਜੇ ਦੀਆਂ ਜਾੜ੍ਹਾਂ 'ਤੇ ਛੱਟੇ ਮਾਰੇ ਅਤੇ ਫ਼ੁਰਮਾਇਆ, "ਪ੍ਰੇਮੀਓ! ਅੱਜ ਤੋਂ ਕੇਸ ਰੱਖ ਲਵੋ, ਤੁਹਾਡੀਆਂ ਅੱਖਾਂ ਅਤੇ ਜਾੜ੍ਹਾਂ ਕਦੇ ਨਹੀਂ ਦੁਖਣਗੀਆਂ।" ਭਾਗਾਂ ਵਾਲੇ ਸਾਧੂ ਵਿਦਿਆਰਥੀਆਂ ਨੇ ਬਚਨ ਮੰਨ ਲਿਆ ਅਤੇ ਕੇਸ ਧਾਰਨ ਕਰਨ ਦਾ ਪ੍ਰਣ ਕੀਤਾ। ਦੋਨਾਂ ਨੇ ਅੰਮ੍ਰਿਤ-ਪਾਨ ਕੀਤਾ। ਇਸ ਪਿੱਛੋਂ ਕਦੇ ਵੀ ਉਨ੍ਹਾਂ ਦੀਆਂ ਅੱਖਾਂ ਜਾਂ ਜਾੜ੍ਹਾਂ ਨਾ ਦੁਖੀਆਂ।

Bararas Hindu University Da Neeh Pathar | Sakhi - 44 | Sant Attar Singh ji Mastuana Wale14 May 202200:03:49

#SantAttarSinghji #Sakhi

ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ-ਪੱਥਰ ਰੱਖਣਾ 

 ਹਿੰਦੁਸਤਾਨ ਦੇ ਸਾਰੇ ਹਿੰਦੂ ਰਾਜੇ-ਮਹਾਰਾਜਿਆਂ ਅਤੇ ਲੀਡਰਾਂ ਨੇ ਇਹ ਫੈਸਲਾ ਕੀਤਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ-ਪੱਥਰ ਕਿਸੇ ਉੱਚ-ਕੋਟੀ ਦੇ ਮਹਾਂਪੁਰਸ਼ ਕੋਲੋਂ ਰਖਵਾਈਏ ਤਾਂ ਕਿ ਸਾਡੀ ਯੂਨੀਵਰਸਿਟੀ ਚੰਗੀ ਵਧੇ-ਫੁੱਲੇ। ਉਨ੍ਹਾਂ ਨੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਮਾਰ ਕੇ ਦੇਖਿਆ ਕਿ ਇਸ ਵਕਤ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਸ ਉੱਚ-ਕੋਟੀ ਦੀ ਪਦਵੀ ਦੇ ਸਤਿਕਾਰ ਯੋਗ ਹਨ। ਉਨ੍ਹਾਂ ਸਾਰਿਆਂ ਨੇ ਪੰਡਤ ਮਦਨ ਮੋਹਨ ਮਾਲਵੀਆ ਜੀ ਨੂੰ ਸੰਤ ਅਤਰ ਸਿੰਘ ਜੀ ਪਾਸ ਭੇਜਿਆ। ਪੰਡਤ ਜੀ ਸੰਗਰੂਰ ਤੋਂ ਆਪਣੇ ਜੋੜੇ ਉਤਾਰ ਕੇ ਨੰਗੇ ਪੈਰੀਂ ਸਤਿਕਾਰ ਵਜੋਂ ਮਸਤੂਆਣੇ ਗਏ ਅਤੇ ਚਰਨਾਂ 'ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਆਪ ਇਸ ਘੋਰ ਕਲਜੁਗ ਵਿੱਚ ਮਾਨਵਤਾ ਨੂੰ ਤਾਰ ਰਹੇ ਹੋ। ਆਪ ਜੀ ਬਖਸ਼ਿਸ਼ ਕਰ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੋ, ਤਾਂ ਕਿ ਉੱਥੋਂ ਵਿਦਿਆਰਥੀ ਅਧਿਆਤਮਿਕ ਵਿੱਦਿਆ ਲੈ ਕੇ ਸਾਰੀ ਦੁਨੀਆਂ ਵਿੱਚ ਸ਼ਾਂਤੀ ਦਾ ਉਪਦੇਸ਼ ਦੇਣ। ਇਸ ਤੋਂ ਪਹਿਲਾਂ ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਜੀਂਦ ਨੇ ਵੀ ਇਸ ਪ੍ਰਥਾਏ ਬੇਨਤੀ ਕੀਤੀ ਸੀ। ਦਿਆਲੂ-ਕ੍ਰਿਪਾਲੂ ਸੰਤ ਜੀ ਮਹਾਰਾਜ ਸਾਰਿਆਂ ਦੀ ਬੇਨਤੀ ਮੰਨ ਬਨਾਰਸ ਪਹੁੰਚੇ। ਪੰਜ ਅਖੰਡ ਪਾਠਾਂ ਦੇ ਭੋਗ ਮਗਰੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਕ੍ਰਿਤ ਕਾਲਜ ਦਾ ਨੀਂਹ-ਪੱਥਰ ਰੱਖਿਆ। ਸਾਰੇ ਰਾਜੇ- ਮਹਾਰਾਜਿਆਂ ਨੇ ਬਹੁਤ ਸਤਿਕਾਰ ਕੀਤਾ। ਬਨਾਰਸ ਦੇ ਮਹਾਰਾਜਾ ਪ੍ਰਭੂ ਨਰਾਇਣ ਕਾਂਸ਼ੀ ਰਾਜ ਨੇ ਆਪਣੀ ਰਾਜਧਾਨੀ ਦੀ ਅਤਿ ਪੂਜਨੀਕ ਵਿਸ਼ਵਨਾਥ ਦੀ ਗੱਦੀ, ਜਿਸ ਦੀ ਉਹ ਹਰ ਰੋਜ਼ ਪੂਜਾ ਕਰਦਾ ਸੀ, ਉੱਤੇ ਸੰਤ ਅਤਰ ਸਿੰਘ ਜੀ ਦਾ ਬੜੇ ਸਤਿਕਾਰ ਨਾਲ ਆਸਣ ਕਰਵਾਇਆ। ਫਿਰ ਉਨ੍ਹਾਂ ਸਾਰਿਆਂ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਅਨਿਨ ਸੇਵਕ (ਸੰਤ) ਭਾਈ ਤੇਜਾ ਸਿੰਘ ਜੀ, ਜੋ ਐਮ.ਏ. ਹਾਰਵਰਡ ਯੂਨੀਵਰਸਿਟੀ ਤੋਂ ਹਨ, ਉਨ੍ਹਾਂ ਨੂੰ ਯੂਨੀਵਰਸਿਟੀ ਚਲਾਉਣ ਵਾਸਤੇ ਪ੍ਰਿੰਸੀਪਲ ਦੇ ਤੌਰ 'ਤੇ ਸਾਨੂੰ ਦੇ ਦਿਉ। ਸੰਤ ਜੀ ਮਹਾਰਾਜ ਨੇ ਪਰਵਾਨਗੀ ਦੇ ਦਿੱਤੀ ਅਤੇ ਭਾਈ ਤੇਜਾ ਸਿੰਘ ਜੀ ਪਹਿਲੇ ਪ੍ਰਿੰਸੀਪਲ ਬਣੇ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਭਾਈ ਤੇਜਾ ਸਿੰਘ ਜੀ ਨੂੰ ਕਿਹਾ ਕਿ ਭਾਈ ਮਸਤੂਆਣੇ ਕਾਲਜ ਬਣਾਉਣ ਵਾਸਤੇ ਅਸੀਂ ਉਗਰਾਹੀ ਨਹੀਂ ਕਰਨੀ। ਤੂੰ ਆਪਣੀ ਸਾਰੀ ਤਨਖ਼ਾਹ ਆਪਣਾ ਖ਼ਰਚਾ ਰੱਖ ਕੇ ਬਾਕੀ ਮਸਤੂਆਣੇ ਭੇਜ ਦਿਆ ਕਰ। ਭਾਈ ਤੇਜਾ ਸਿੰਘ ਜੀ ਗ੍ਰਹਿਸਤੀ ਹੋ ਕੇ ਵੀ ਇਹ ਸਾਰੇ ਬਚਨ ਪਾਲਦੇ ਰਹੇ। ਕਲਕੱਤੇ ਤੋਂ ਉਗਰਾਹੀ ਕਰਕੇ ਮਸਤੂਆਣੇ ਲਈ ਗਾਡਰ ਭਿਜਵਾਏ। ਇੱਕ ਸਾਲ ਬਾਅਦ ਮਹਾਰਾਜਾ ਪਟਿਆਲਾ ਦੇ ਬੇਨਤੀ ਕਰਨ 'ਤੇ ਕਿ ਅਸੀਂ ਇਧਰ ਸਕੂਲ-ਕਾਲਜ ਖੋਲ੍ਹਣੇ ਹਨ, ਭਾਈ ਤੇਜਾ ਸਿੰਘ ਨੂੰ ਪ੍ਰਿੰਸੀਪਲ ਦੀ ਨੌਕਰੀ ਛੁਡਵਾ ਕੇ ਮਸਤੂਆਣੇ ਦੀ ਸੇਵਾ ਵਿੱਚ ਲਗਵਾ ਲਿਆ।

Vidiya Da Psaar | Sakhi - 43 | Sant Attar Singh ji Mastuana Wale07 May 202200:03:57

#SantAttarSinghji #Sakhi

ਵਿੱਦਿਆ ਦਾ ਪਸਾਰ  

ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੇ ਭੇਜੇ ਹੋਏ ਮਹਾਂਪੁਰਸ਼ਾਂ ਵਿੱਚੋਂ ਸੰਤ ਅਤਰ ਸਿੰਘ ਜੀ ਪਹਿਲੇ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਅਧਿਆਤਮਿਕ ਵਿੱਦਿਆ ਦੇ ਨਾਲ-ਨਾਲ ਆਧੁਨਿਕ ਵਿਗਿਆਨਿਕ ਵਿੱਦਿਆ ਬੱਚਿਆਂ ਨੂੰ ਪੜ੍ਹਾਉਣ 'ਤੇ ਬਹੁਤ ਜ਼ੋਰ ਦਿੱਤਾ। ਉਨ੍ਹਾਂ ਨੇ ੧੯੦੬ ਵਿੱਚ ਲੜਕੀਆਂ ਲਈ ਮਸਤੂਆਣੇ ਵਿਖੇ ਸਕੂਲ ਖੋਲ੍ਹਿਆ, ਜੋ ਮਗਰੋਂ ਭਸੌੜ ਤਬਦੀਲ ਕਰ ਦਿੱਤਾ ਗਿਆ। ੧੯੧੩ ਵਿੱਚ ਲੜਕਿਆਂ ਦਾ ਸਕੂਲ ਤੇ ਕਾਲਜ ਖੋਲ੍ਹ ਕੇ ਇਸ ਨੂੰ ਅਧਿਆਤਮਿਕ ਅਤੇ ਵਿਗਿਆਨਿਕ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਬਣਾਇਆ। ਆਪ ਜੀ ਨੇ ਪੰਜਾਬ ਵਿਖੇ ਹੋਰ ਬਹੁਤ ਸਕੂਲ ਤੇ ਕਾਲਜ ਸੰਗਤਾਂ ਤੋਂ ਖੁਲ੍ਹਵਾਏ। ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਐਜੂਕੇਸ਼ਨ ਸੰਸਥਾ ਖੁਲ੍ਹਵਾਈ ਤੇ ਹਰ ਸਾਲ ਉਸ ਦੀ ਕਾਨਫਰੰਸ ਦੀ ਅਗਵਾਈ ਕਰਦੇ ਰਹੇ। ਭਾਈ ਨਿਰੰਜਨ ਸਿੰਘ ਮਹਿਤਾ (ਸੰਤ ਤੇਜਾ ਸਿੰਘ ਜੀ), ਜੋ ਸਿੱਖ ਜਗਤ ਦੇ ਬਹੁਤ ਵੱਡੇ ਤੇ ਪਹਿਲੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ੧੯੦੪ ਤੋਂ ੧੯੦੬ ਤਕ ਪ੍ਰਿੰਸੀਪਲ ਰਹੇ, ਜਦੋਂ ਉਹ ਬ੍ਰਹਮ-ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੀ ਸੰਗਤ ਵਿੱਚ ਗਏ ਤਾਂ ਬਾਬਾ ਜੀ ਦੇ ਅਧਿਆਤਮਿਕ ਇਸ਼ਾਰਾ ਕਰਨ 'ਤੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੇ ਦਰਸ਼ਨ ਕਰਨ ਲਈ ਲਾਹੌਰ ਗਏ। ਉਨ੍ਹਾਂ ਦੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਛਕ ਕੇ ਨਿਰੰਜਨ ਸਿੰਘ ਮਹਿਤਾ ਤੋਂ ਤੇਜਾ ਸਿੰਘ ਬਣੇ। ਫਿਰ ਉਨ੍ਹਾਂ ਨੇ ਵੈਰਾਗ ਵਿੱਚ ਆ ਕੇ ਸਿੱਖ ਪੰਥ ਦੀ ਸੇਵਾ ਲਈ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮਸਤੂਆਣੇ ਸੰਤ ਜੀ ਮਹਾਰਾਜ ਪਾਸ ਹਾਜ਼ਰ ਹੋ ਕੇ ਖਾਲਸੇ ਦੀ ਸੇਵਾ ਲਈ ਤਨ, ਮਨ, ਧਨ ਸੌਂਪ ਦਿੱਤਾ।  

ਗੁਰੂ ਨਾਨਕ ਦੇਵ ਜੀ ਨੇ ਚਾਰੇ ਉਦਾਸੀਆਂ ਵਿੱਚ ਲਗਭਗ ਸਾਰਾ ਮਿਡਲ-ਈਸਟ, ਭਾਰਤ, ਚੀਨ ਅਤੇ ਜਪਾਨ ਆਦਿ ਤਕ ਨਾਮ-ਬਾਣੀ ਦਾ ਛੱਟਾ ਦਿੱਤਾ ਪਰ ਗੁਰੂ ਸਾਹਿਬ ਦੇ ਚਰਨ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਯੂਰਪ ਦੀ ਧਰਤੀ 'ਤੇ ਨਹੀਂ ਸੀ ਪਏ। ਗੁਰੂ ਨਾਨਕ ਦੇਵ ਜੀ ਦੇ ਥਾਪੇ ਹੋਏ ਬ੍ਰਹਮ-ਗਿਆਨੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਆਪਣੇ ਸੇਵਕ ਭਾਈ ਤੇਜਾ ਸਿੰਘ ਜੀ ਨੂੰ ਇਨ੍ਹਾਂ ਮੁਲਕਾਂ ਵਿੱਚ ਭੇਜ ਕੇ ਨਾਮ-ਬਾਣੀ ਦਾ ਛੱਟਾ ਦਵਾ ਕੇ ਸਿੱਖੀ ਦਾ ਮੁੱਢ ਬੰਨ੍ਹਿਆ ਤੇ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਭਾਈ ਤੇਜਾ ਸਿੰਘ! ਗੁਰਸਿੱਖੀ ਦੀ ਇਸ ਸੇਵਾ ਦੇ ਨਾਲ-ਨਾਲ ਉਨ੍ਹਾਂ ਮੁਲਕਾਂ ਵਿੱਚੋਂ ਆਧੁਨਿਕ ਵਿੱਦਿਆ ਪ੍ਰਾਪਤ ਕਰਕੇ ਆਉ ਤਾਂ ਕਿ ਇੱਥੇ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਲਈ ਉਸ ਦਾ ਪ੍ਰਸਾਰ ਕਰ ਸਕੀਏ।" ਭਾਈ ਤੇਜਾ ਸਿੰਘ ਜੀ ਸੰਤਾਂ ਦਾ ਹੁਕਮ ਮੰਨ ਕੇ ਇਨ੍ਹਾਂ ਪੱਛਮੀ ਦੇਸ਼ਾਂ ਵਿੱਚ ਗਏ ਤੇ ਉੱਥੋਂ ਦੀ ਲੁਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ ਨਾਲ ਜੋੜਿਆ ਅਤੇ ਉੱਥੇ ਹਾਰਵਰਡ ਯੂਨੀਵਰਸਿਟੀ ਵਿੱਚੋਂ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ।

Guru Kashi Damdama Sahib Di Sewa | Sakhi - 42 | Sant Attar Singh ji Mastuana Wale30 Apr 202200:03:22

#SantAttarSinghji #Sakhi

ਗੁਰੂ ਕਾਂਸ਼ੀ ਦਮਦਮਾ ਸਾਹਿਬ ਦੀ ਸੇਵਾ  

ਸ਼ਿਮਲੇ ਨਾਭਾ ਹਾਊਸ ਵਿਖੇ ਸੰਗਤਾਂ ਬਹੁਤ ਗਿਣਤੀ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਸਤਿਸੰਗ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ ਦਾ ਉਪਦੇਸ਼ ਗ੍ਰਹਿਣ ਕਰਦੀਆਂ। ਸੰਤ ਜੀ ਮਹਾਰਾਜ ਸੰਗਤਾਂ ਨੂੰ ਗੁਰੂ ਕਾਂਸ਼ੀ ਵਿਖੇ ਹੋ ਰਹੀ ਸੇਵਾ ਲਈ ਆਪਣੀ ਕਮਾਈ ਵਿੱਚੋਂ ਮਾਇਆ ਸਫ਼ਲੀ ਕਰਨ ਲਈ ਪ੍ਰੇਰਦੇ। ਇੱਕ ਪ੍ਰੇਮੀ ਨੇ ਇਸ ਸੇਵਾ ਲਈ ਸੰਤਾਂ ਨੂੰ ਬਹੁਤ ਮਾਇਆ ਭੇਟ ਕੀਤੀ। ਸੰਗਤਾਂ ਨੇ ਸੰਤਾਂ ਨੂੰ ਦੱਸਿਆ ਕਿ ਇਸ ਪ੍ਰੇਮੀ ਨੇ ਤਾਂ ਆਪਣੀ ਸਾਰੀ ਜਿੰਦਗੀ ਦੀ ਕਮਾਈ ਅਤੇ ਘਰ-ਬਾਹਰ ਵੇਚ ਕੇ ਇਸ ਕਾਰਜ ਲਈ ਅਰਪਣ ਕਰ ਦਿੱਤੀ ਹੈ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, "ਪ੍ਰੇਮੀਆਂ! ਤੂੰ ਗੁਰੂ ਨਾਨਕ ਦੇਵ ਜੀ ਦੀ ਪੂਰੀ ਬਖਸ਼ਿਸ਼ ਲਈ ਹੈ ਤੇ ਆਵਾ-ਗਉਣ ਤੋਂ ਮੁਕਤ ਹੋ ਗਿਆ ਹੈਂ। ਜਿਸ ਦੇ ਹਿਰਦੇ ਵਿੱਚ ਤਿਆਗ-ਵੈਰਾਗ ਆ ਗਿਆ, ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਬਖਸ਼ਿਸ਼ ਲੈ ਕੇ ਆਵਾ-ਗਉਣ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਇਸ ਨੂੰ ਕਹਿੰਦੇ ਹਨ ਪੂਰਨ ਗੁਰਸਿੱਖੀ ਕਮਾਉਣੀ।" ਪਰ ਕਈ ਮਾਇਆ ਦੇ ਲਾਲਚੀ, ਸੰਤਾਂ ਦੇ ਦਰਸ਼ਨ ਕਰਨ ਆਉਣੋ ਹਟ ਗਏ ਤਾਂ ਇੱਕ ਦਿਨ ਸੰਤ ਜੀ ਨੇ ਮੁਸਕਰਾ ਕੇ ਕਿਹਾ, "ਜਿਸ ਦਿਨ ਤੋਂ ਦਮਦਮਾ ਸਾਹਿਬ ਦੀ ਸੇਵਾ ਲਈ ਸੰਗਤ ਨੂੰ ਮਾਇਆ ਸਫ਼ਲੀ ਕਰਨ ਦੀ ਬੇਨਤੀ ਕਰਨੀ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਬਹੁਤ ਸਾਰੇ ਪ੍ਰੇਮੀ ਸਤਿਸੰਗ ਵਿੱਚ ਦਰਸ਼ਨ-ਮੇਲਾ ਕਰਨ ਲਈ ਵੀ ਨਹੀਂ ਆਉਂਦੇ। ਮਾਇਆ ਦੀ ਪਕੜ ਦੀ ਖੇਡ ਇੰਨੀ ਪ੍ਰਬਲ ਹੁੰਦੀ ਹੈ।" ਸੰਤ ਜੀ ਨੇ ਫਿਰ ਕਿਹਾ ਕਿ ਅਸੀਂ ਤਾਂ ਇਸ ਸੇਵਾ ਨੂੰ ਪੂਰੀ ਕਰਨ ਦਾ ਕਮਰਕੱਸਾ ਕਰ ਲਿਆ ਹੈ। ਇਸ ਸੇਵਾ ਲਈ ਸੰਤ ਜੀ ਮਹਾਰਾਜ ਘਰ-ਘਰ ਜਾ ਕੇ ਕਹਿੰਦੇ, "ਦਮਦਮਾ ਸਾਹਿਬ ਦੀ ਸੇਵਾ ਲਈ ਆਪਣੀ ਮਾਇਆ ਸਫ਼ਲੀ ਕਰ ਲਉ ਭਾਈ, ਫਿਰ ਤੁਹਾਨੂੰ ਇਹੋ ਜਿਹਾ ਮੰਗਤਾ ਦੁਬਾਰਾ ਨਹੀਂ ਮਿਲਣਾ।" ਇਹ ਸੁਣ ਕੇ ਮਹਾਰਾਜਾ ਪਟਿਆਲਾ ਤੇ ਹੋਰ ਸਰਦਾਰਾਂ ਨੇ ਕਿਹਾ, "ਮਹਾਰਾਜ! ਤੁਸੀਂ ਕਿਉਂ ਮੰਗਤੇ ਬਣਦੇ ਹੋ? ਇਹ ਸਾਰੀ ਸੇਵਾ ਅਸੀਂ ਕਰ ਸਕਦੇ ਹਾਂ।" ਸੰਤ ਜੀ ਨੇ ਇਲਾਹੀ ਜਲਾਲ ਵਿੱਚ ਫ਼ੁਰਮਾਇਆ, "ਭਾਈ! ਗੁਰੂ-ਘਰ ਵਿੱਚ ਐਨੀ ਤਾਕਤ ਹੈ ਕਿ ਸ਼ਿਮਲੇ ਤੋਂ ਦਮਦਮਾ ਸਾਹਿਬ ਤਕ ਸੋਨੇ ਦੀ ਨਹਿਰ ਚਲ ਸਕਦੀ ਹੈ ਪਰ ਅਸੀਂ ਤਾਂ ਹਰ ਅਮੀਰ-ਗ਼ਰੀਬ ਦਾ ਹਿੱਸਾ ਸੇਵਾ ਵਿੱਚ ਪੁਵਾ ਕੇ ਉਸ ਨੂੰ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਨਾਲ ਜੋੜ ਕੇ ਜਨਮ ਸਫ਼ਲਾ ਕਰਵਾਉਣਾ ਹੈ। ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸੇਵਾ ਤੋਂ ਵਾਂਝੇ ਨਾ ਰਹੋ, ਵਿਤ ਅਨੁਸਾਰ ਸਭ ਕੁਝ ਕਲਗੀਆਂ ਵਾਲੇ ਤੋਂ ਵਾਰ ਦਿਉ ਅਤੇ ਉਸ ਦੀ ਬਖਸ਼ਿਸ਼ ਲਓ।"

Jaa Tis Bhaavai Taa Hukam Manaavai | Sakhi - 35 | Sant Attar Singh ji Mastuana Wale28 Apr 202200:01:59

#SantAttarSinghji #Sakhi #SantSamagam

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭)  

ਪੜ੍ਹਿਆ ਅਤੇ ਬੇੜੀ ਸਹਿਜ-ਸੁਭਾਇ ਹੀ ਦਰਿਆ ਪਾਰ ਕਰ ਗਈ। ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨਹੁੰਆਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ-ਬਾਣੀ ਸਿਮਰਨ ਵਿੱਚ ਜੁੱਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ:  

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫)  

ਦੇ ਮਹਾਂਵਾਕ ਅਨੁਸਾਰ ਚੱਲਾਂਗੇ ਤਾਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜ੍ਹ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ (ਸੱਚਖੰਡ) ਪਹੁੰਚ ਜਾਵਾਂਗੇ। 

 ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ (੫੯੫) 

 ਸਚ ਖੰਡਿ ਵਸੈ ਨਿਰੰਕਾਰੁ ॥ (੮)

Varso Kirpa Dhaar | Sakhi - 41 | Sant Attar Singh ji Mastuana Wale26 Feb 202200:01:25

#SantAttarSinghji #Sakhi 

ਵਰਸਹੁ ਕਿਰਪਾ ਧਾਰਿ 

 ਜੈਤੋ ਦੀਵਾਨ ਸਮੇਂ ਬੜੀ ਸਖ਼ਤ ਗਰਮੀ ਸੀ ਅਤੇ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਜਲ ਦੀ ਥੁੜ੍ਹ ਕਾਰਣ ਬੜੀ ਤਕਲੀਫ਼ ਸੀ। ਸੰਗਤ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਵਾਹਿਗੁਰੂ ਤੋਂ ਮੀਂਹ ਵੱਸਣ ਦੀ ਮੰਗ ਕਰੋ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ, ਆਓ ਸਾਰੀ ਸੰਗਤ ਮਿਲ ਕੇ ਅਰਦਾਸ ਕਰੀਏ:  

ਮਿਲਿ ਸਤਿਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ (੯੪)  

ਕਰਤਾਰ ਜ਼ਰੂਰ ਬੇਨਤੀ ਸੁਣੇਗਾ। ਅਰਦਾਸ ਉਪਰੰਤ ਸੰਤ ਜੀ ਨੇ ਇਹ ਸਾਰਾ ਸ਼ਬਦ ਪੜ੍ਹਿਆ ਅਤੇ ਸੰਗਤ ਤੋਂ ਉੱਚੀ ਅਵਾਜ਼ ਵਿੱਚ ਪੜ੍ਹਾਇਆ:  

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥  

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ (੧੨੮੫)  

ਥੋੜ੍ਹੇ ਹੀ ਚਿਰ ਮਗਰੋਂ ਮੂਸਲਾਧਾਰ ਬਾਰਸ਼ ਹੋਈ ਅਤੇ ਪਾਣੀ ਦੀ ਕੋਈ ਥੁੜ੍ਹ ਨਾ ਰਹੀ।

Brahm Giyani Sarab Viyapi Hunde Hun | Sakhi - 40 | Sant Attar Singh ji Mastuana Wale19 Feb 202200:02:00

#SantAttarSinghji #Sakhi 

ਬਹਮ ਗਿਆਨੀ ਸਰਬ-ਵਿਆਪੀ ਹੰਦ ਹਨ 

 ਸੰਤ ਅਤਰ ਸਿੰਘ ਜੀ ਮਹਾਰਾਜ ਦੇ ਮਾਤਾ ਭੋਲੀ ਜੀ ਦਾ ਸੱਚਖੰਡ ਪਿਆਨਾ ਨੇੜੇ ਆਣ ਕਰਕੇ, ਸੰਤ ਜੀ ਮਹਾਰਾਜ ਨੂੰ ਬੁਲਾਉਣ ਬਾਰੇ ਪੁੱਛਣ 'ਤੇ ਮਾਤਾ ਜੀ ਨੇ ਕਿਹਾ, "ਸੰਤ ਸਰਬ-ਵਿਆਪੀ ਹਨ ਅਤੇ ਹਰ ਵਕਤ ਮੇਰੇ ਨਾਲ ਹਨ। ਮੈਨੂੰ ਸਾਰਿਆਂ ਵਿੱਚ ਉਨ੍ਹਾਂ ਦਾ ਸਰੂਪ ਭਾਸਦਾ ਹੈ। ਉਨ੍ਹਾਂ ਨੂੰ ਕਿੱਥੋਂ ਬੁਲਾਉਂਦੇ ਹੋ?" ਕਿਉਂਕਿ ਸੰਤ, ਸਾਧ, ਬ੍ਰਹਮ-ਗਿਆਨੀ ਸਰੀਰ ਨਹੀਂ ਹੁੰਦੇ, ਉਹ ਸ਼ਬਦ-ਗੁਰੂ ਦਾ ਰੂਪ ਹੁੰਦੇ ਹਨ। ਮਾਤਾ ਜੀ ਦੇ ਸੁਆਸ ਨਿਕਲਣ ਤੋਂ ਬਾਅਦ (ਸੰਤ) ਭਾਈ ਤੇਜਾ ਸਿੰਘ ਨੇ ਸੰਤ ਅਤਰ ਸਿੰਘ ਜੀ ਨੂੰ ਇਹ ਵਾਰਤਾ ਦੱਸੀ ਤੇ ਕਿਹਾ, "ਦਾਸ ਨੂੰ ਭਾਸਦਾ ਹੈ ਕਿ ਮਾਤਾ ਜੀ ਨੇ ਬਿਦੇਹ-ਮੁਕਤ, ਆਤਮ-ਦਰਸ਼ੀ ਹੋ ਕੇ ਅਕਾਲ ਚਲਾਣਾ ਕੀਤਾ ਹੈ।" ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ ਕਿ ਮਾਤਾ ਜੀ ਦੇ ਅਜੇ ਜਨਮ-ਮਰਨ (ਆਵਾ-ਗਉਣ) ਦੇ ਗੇੜ ਰਹਿੰਦੇ ਸਨ ਪਰ ਉਨ੍ਹਾਂ ਨੇ ਹੁਕਮ ਮੰਨ, ਰਜ਼ਾ ਵਿੱਚ ਰਹਿ, ਨਾਮ-ਸਿਮਰਨ ਵਿੱਚ ਲੀਨ ਹੋ, ਇਹ ਆਤਮ-ਪਦਵੀ ਪਾ ਕੇ ਮੁਕਤੀ ਪ੍ਰਾਪਤ ਕੀਤੀ ਹੈ। ਸੰਤ ਪੁੱਤਰ ਨੇ ਗੋਡੇ ਦਾ ਕਸ਼ਟ ਤਾਂ ਠੀਕ ਨਹੀਂ ਕੀਤਾ ਪਰ ਹੁਕਮ ਮੰਨਣ ਅਤੇ ਰਜ਼ਾ ਵਿੱਚ ਰਹਿਣ ਦਾ ਭੇਦ ਸਮਝਾ, ਮਾਤਾ ਜੀ ਦਾ ਸਦਾ ਲਈ ਜਨਮ-ਮਰਨ ਦਾ ਦੁੱਖ ਕੱਟ ਕੇ ਅਕਾਲ ਪੁਰਖ ਵਿੱਚ ਲੀਨ ਕਰ ਦਿੱਤਾ:  

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥ (੪੭੫)

Shukar Ate Rza | Sakhi - 39 | Sant Attar Singh ji Mastuana Wale12 Feb 202200:02:11

#SantAttarSinghji #Sakhi

 ਸ਼ੁਕਰ ਅਤ ਰਜ਼ਾ  

ਸੰਤ ਅਤਰ ਸਿੰਘ ਜੀ ਦੇ ਮਾਤਾ ਜੀ, ਮਾਤਾ ਭੋਲੀ ਜੀ ਦੇ ਅੰਤਮ ਸਮੇਂ ਗੋਡੇ 'ਤੇ ਬਹੁਤ ਗੰਭੀਰ ਫੋੜਾ ਨਿਕਲਿਆ, ਜਿਸ ਨਾਲ ਉਨ੍ਹਾਂ ਦਾ ਗੋਡਾ ਕਾਫ਼ੀ ਗਲ ਗਿਆ ਸੀ। ਮਾਤਾ ਜੀ ਇਸ ਫੋੜੇ ਦਾ ਅਸਹਿ ਕਸ਼ਟ ਸਹਾਰ ਰਹੇ ਸਨ। ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਬੁੰਗੇ (ਕਮਰੇ) ਵਿੱਚ ਆਏ। ਸਾਰੇ ਸੇਵਕਾਂ ਨੂੰ ਬਾਹਰ ਕੱਢ, ਮਾਤਾ ਜੀ ਦੇ ਮੰਜੇ 'ਤੇ ਬੈਠ ਕੇ ਭਾਣੇ ਵਿੱਚ ਰਹਿਣ ਦੀ ਅਤੇ ਹੁਕਮ ਮੰਨਣ ਦੀ ਪੂਰੀ ਜੁਗਤ ਦੱਸੀ ਕਿ ਮਾਤਾ ਜੀ, ਤੁਹਾਡੇ ਅੰਦਰ ਜੋ ਅਕਾਲ ਪੁਰਖ ਦੀ ਜੋਤ (ਸ਼ਬਦ ਗੁਰੂ) ਹੈ, ਉਸ ਨੂੰ ਦੁੱਖ ਅਤੇ ਭੁੱਖ ਨਹੀਂ:  

ਨਾ ਓਸੁ ਦੂਖੁ ਨ ਹਮ ਕਉ ਦੂਖੇ ॥ (੩੯੧)  

ਉਸੇ ਨਾਲ ਅੰਤਰ-ਆਤਮੇ ਸੁਰਤ ਨੂੰ ਸਿਮਰਨ ਦੁਆਰਾ ਲੀਨ ਕਰੋ, ਤਾਂ ਸੁਰਤ ਸਰੀਰ ਤੇ ਸੰਸਾਰ ਦੇ ਦੁੱਖਾਂ-ਸੁੱਖਾਂ ਤੋਂ ਉੱਤੇ ਉੱਠ ਕੇ ਉਸ ਸਰਬ ਵਿਆਪੀ ਪ੍ਰਭੂ ਵਿੱਚ ਸਮਾ ਜਾਵੇਗੀ:  

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ (੬੦੧)  

ਮਾਤਾ ਜੀ ਨੇ 'ਸਤਿ ਬਚਨ' ਕਹਿ ਇਹ ਜੁਗਤ ਹਿਰਦੇ ਵਿੱਚ ਵਸਾ ਲਈ। ਸਰੀਰ ਦੇ ਕਸ਼ਟ ਨੂੰ ਸ਼ੁਕਰ ਅਤੇ ਰਜ਼ਾ ਵਿੱਚ ਮਿੱਠਾ ਕਰਕੇ ਮੰਨਿਆ। ਸ਼ਬਦ ਵਿੱਚ ਲੀਨ ਹੋ ਮੁੱਖੋਂ 'ਸੀ' ਤੱਕ ਨਾ ਕੀਤੀ ਅਤੇ ਇਸ ਸ਼ਬਦ ਅਨੁਸਾਰ ਜੀਵਨ ਢਾਲਿਆ: 

 ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ (੬੦੩)  

ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ (੫)

Sant Aattar Singh ji Di Mata Da Sangat Roop Hona | | Sakhi - 38 | Sant Attar Singh ji Mastuana Wale05 Feb 202200:03:46

#SantAttarSinghji #Sakhi 

ਸੰਤ ਅਤਰ ਸਿੰਘ ਜੀ ਦੀ ਮਾਤਾ ਦਾ ਸੰਗਤ ਰੂਪ ਹੋਣਾ 

 ਸੰਤ ਜੀ ਦੀ ਮਾਤਾ, ਮਾਤਾ ਭੋਲੀ ਜੀ ਨੂੰ ਸੰਤ ਜੀ ਦਾ ਛੋਟਾ ਭਰਾ ਜੈ ਸਿੰਘ ਬਹੁਤ ਤੰਗ ਕਰਦਾ ਸੀ। ਉਹ ਕਹਿੰਦਾ ਕਿ ਜਿਸ ਪੁੱਤਰ ਨੂੰ ਤੂੰ ਦਹੀਂ ਮੱਖਣ ਖੁਵਾਉਂਦੀ ਸੀ, ਜਿਹੜਾ ਫ਼ਕੀਰ ਹੋ ਗਿਆ ਹੈ, ਜਾ ਹੁਣ ਉਸ ਕੋਲ ਚਲੀ ਜਾ, ਦੇਖਦੇ ਹਾਂ ਤੈਨੂੰ ਕਿਵੇਂ ਰੋਟੀਆਂ ਖੁਵਾਉਂਦਾ ਹੈ। ਜਿਉਂ ਹੀ ਸੰਤਾਂ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਇੱਕ ਸੇਵਾਦਾਰ ਨੂੰ ਭੇਜ ਕੇ ਮਾਤਾ ਜੀ ਨੂੰ ਆਪਣੇ ਪਾਸ ਡੇਰਾ ਖ਼ਾਲਸਾ ਬੁਲਾ ਲਿਆ।

  ਸੰਤ ਜੀ ਜਦੋਂ ਪਿੰਡ ਦੀਆਂ ਗੁਫਾਵਾਂ ਵਿੱਚ ਸ਼ਾਮ ਦਾ ਦੀਵਾਨ ਸਜਾਉਂਦੇ ਤਾਂ ਸੰਗਤਾਂ ਉੱਥੋਂ ਦੀ ਰੀਤੀ-ਰਿਵਾਜ ਮੁਤਾਬਕ ਸਤਿਕਾਰ ਲਈ ਗੁਫ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਦੀਆਂ। ਜਦੋਂ ਮਾਤਾ ਭੋਲੀ ਜੀ ਦੀਵਾਨ ਵਿੱਚ ਆਏ ਤਾਂ ਉਨ੍ਹਾਂ ਨੇ ਮਾਲਵੇ ਦਾ ਸਧਾਰਨ ਪਹਿਰਾਵਾ ਖੱਦਰ ਦਾ ਘੱਘਰਾ, ਕੁੜਤੀ ਤੇ ਸਿਰ 'ਤੇ ਚਾਦਰ ਲਈ ਹੋਈ ਸੀ। ਸੰਗਤਾਂ ਨੇ ਦੇਖ ਕੇ ਹੈਰਾਨੀ ਵਿੱਚ ਸੋਚਿਆ ਕਿ ਐਨੀ ਸਧਾਰਨ ਔਰਤ ਕੌਣ ਹੈ? ਜਦੋਂ ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਦੇਖਿਆ, ਦੋਨੋਂ ਹੱਥ ਜੋੜ, ਖੜ੍ਹੇ ਹੋ ਕੇ ਮੱਥਾ ਟੇਕਿਆ। ਸੰਤਾਂ ਦੀ ਅਤਿ ਗਰੀਬੀ ਦੀ ਦਸ਼ਾ ਨੂੰ ਵੇਖ ਕੇ ਸੰਗਤਾਂ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਅਤੇ ਸਹਿਜ-ਸੁਭਾਇ ਸਾਰਿਆਂ ਦੇ ਮੁਖ਼ਾਰਬਿੰਦ ਤੋਂ ਇਹ ਸ਼ਬਦ ਨਿਕਲਿਆ ਕਿ ਇਹ ਉਹੀ ਧੰਨ ਮਾਤਾ ਹੈ, ਜਿਸ ਨੇ ਇਸ ਬ੍ਰਹਿਮੰਡ ਦੇ ਬ੍ਰਹਮ-ਗਿਆਨੀ ਨੂੰ ਜਨਮ ਦਿੱਤਾ ਹੈ ਤੇ ਬਾਬਾ ਫ਼ਰੀਦ ਜੀ ਦੀ ਇਹ ਤੁਕ ਯਾਦ ਆ ਗਈ: 

 ਤਿਨ ਧੰਨ ਜਣੇਦੀ ਮਾਉ ਆਏ ਸਫਲੁ ਸੇ ॥ (੪੮੮) 

 ਸੰਤ ਜੀ ਮਹਾਰਾਜ ਨੇ ਮਾਤਾ ਜੀ ਨੂੰ ਬੜੇ ਸਤਿਕਾਰ ਅਤੇ ਨਿਮਰਤਾ ਨਾਲ ਪੁੱਛਿਆ, "ਮਾਤਾ ਜੀ! ਕੀ ਅਸੀਂ ਕੋਈ ਮਾੜੇ ਕੰਮ ਤਾਂ ਨਹੀਂ ਲੱਗੇ?" ਮਾਤਾ ਜੀ ਨੇ ਬੜੇ ਭੋਲੇ-ਭਾਲੇ ਸ਼ਬਦਾਂ ਵਿੱਚ ਉੱਤਰ ਦਿੱਤਾ, "ਨਹੀਂ ਪੁੱਤ! ਤੂੰ ਬੜੇ ਹੀ ਭਲੇ ਪਾਸੇ ਲੱਗਾ ਹੈਂ।" ਦੀਵਾਨ ਦੀ ਸਮਾਪਤੀ 'ਤੇ ਕੇਲਿਆਂ ਦਾ ਪ੍ਰਸ਼ਾਦ ਵਰਤਿਆ ਅਤੇ ਮਾਤਾ ਜੀ ਹੱਥ ਵਿੱਚ ਕੇਲਾ ਲੈ ਕੇ ਉਸ ਨੂੰ ਕੁਝ ਦੇਰ ਇਧਰ-ਉਧਰ ਦੇਖਦੇ ਰਹੇ। ਸੰਤ ਜੀ ਨੇ ਮਾਤਾ ਜੀ ਤੋਂ ਕੇਲਾ ਲਿਆ ਤੇ ਛਿਲ ਕੇ ਆਪ ਉਨ੍ਹਾਂ ਨੂੰ ਛਕਾਇਆ, ਜਿਸ ਤੋਂ ਸੰਗਤਾਂ ਨੇ ਅਨੁਭਵ ਕੀਤਾ ਕਿ ਮਾਤਾ ਜੀ ਇੰਨੇ ਭੋਲੇ ਹਨ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੇਲਾ ਹੀ ਨਹੀਂ ਦੇਖਿਆ? ਮਾਤਾ ਜੀ ਨੇ ਕੁਝ ਦਿਨ ਰਹਿ ਕੇ ਸਤਿਸੰਗ ਦਾ ਆਨੰਦ ਮਾਣਿਆ ਤੇ ਫਿਰ ਘਰ ਜਾਣ ਲਈ ਸੰਤ ਪੁੱਤਰ ਤੋਂ ਆਗਿਆ ਮੰਗੀ। ਸੰਤ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਮਾਤਾ ਜੀ ਹੁਣ ਚੂਹੇ ਦੀ ਖੁੱਡ (ਘਰ) ਵਿੱਚ ਕੀ ਵੜਨਾ ਹੈ, ਸਾਧ-ਸੰਗਤ ਵਿੱਚ ਰਹਿ ਕੇ ਹੀ ਨਾਮ-ਬਾਣੀ ਸਿਮਰਨ ਕਰਕੇ ਸੱਚੇ ਦੇਸ਼ (ਨਿਰੰਕਾਰ ਦੇ ਦੇਸ਼) ਅਪੜਨ ਦੀ ਤਿਆਰੀ ਕਰੋ। ਫਿਰ ਮਾਤਾ ਜੀ ਨੇ ਸਤਿ ਬਚਨ ਕਿਹਾ ਤੇ ਸੰਤ ਪੁੱਤਰ ਵੱਲੋਂ ਦੱਸਿਆ, ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸਾਰੀ ਉਮਰ ਕਮਾਇਆ ਤੇ ਮੁਕਤੀ ਪ੍ਰਾਪਤ ਕੀਤੀ।

Mitth Bolrha Ji Har(i) Sajan Suami Mora | Sakhi - 63 | Sant Attar Singh Ji Mastuana Wale24 Sep 202200:03:16

#SantAttarSinghji #Sakhi

 'ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ'  

ਜੋ ਵੀ ਗੁਰਮੁੱਖ ਪਿਆਰੇ ਨਾਮ-ਬਾਣੀ ਸਿਮਰਨ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ, ਉਹ ਉਸ ਦਾ ਹੀ ਰੂਪ 'ਮਿਠ ਬੋਲੜਾ ਜੀ' ਹੋ ਜਾਂਦੇ ਹਨ। ਮਿੱਠ ਬੋਲੜਾ ਉਹ ਹੀ ਹੋ ਸਕਦਾ ਹੈ, ਜਿਸ ਨੇ ਹਉਮੈ ਮਾਰ ਕੇ ਆਪਣਾ ਦੇਹ ਅਭਿਮਾਨ ਉੱਕਾ ਹੀ ਮਿਟਾ ਦਿੱਤਾ ਹੈ। ਪੋਠੋਹਾਰ (ਪਾਕਿਸਤਾਨ) ਵਿੱਚ ਸਿੰਘ ਸਭਾ ਲਹਿਰ ਬੜੇ ਜ਼ੋਰਾਂ 'ਤੇ ਚਲ ਰਹੀ ਸੀ। ਉਥੇ ਇੱਕ ਪਰਮ ਹੰਸ ਸਾਧੂ ਨੇ ਸਿਰ ਮੂੰਹ ਦੇ ਵਾਲ ਕੱਟੇ ਹੋਏ ਸਨ। ਇੱਕ ਸਿੰਘ ਸਭੀਆ ਲੀਡਰ ਪਰਮ ਹੰਸ ਸਾਧੂ ਨੂੰ ਕਹਿਣ ਲੱਗਾ ਕਿ ਤੂੰ ਵਾਹਿਗੁਰੂ ਦੀ ਬਖਸ਼ੀ ਹੋਈ ਅਮਾਨਤ ਨੂੰ ਕਿਉਂ ਕੱਟਿਆ ਹੋਇਆ ਹੈ? ਸਾਧੂ ਕਹਿਣ ਲੱਗਾ, "ਯਹ ਮੇਰੀ ਖੇਤੀ ਹੈ। ਚਾਹੇ ਮੈਂ ਇਸੇ ਕਾਟੂੰ ਯਾ ਰਖੂੰ।" ਇਸ ਗੱਲ 'ਤੇ ਉਨ੍ਹਾਂ ਦੋਨਾਂ ਵਿੱਚ ਬਹੁਤ ਵਾਦ-ਵਿਵਾਦ ਹੋ ਗਿਆ ਪਰ ਲੋਕਾਂ ਨੇ ਛੁਡਾ ਦਿੱਤਾ। ਸ਼ਾਮ ਦੇ ਵਕਤ ਉਹੀ ਸਿੰਘ ਸਭੀਆ ਲੀਡਰ ਸੰਤ ਅਤਰ ਸਿੰਘ ਜੀ ਮਹਾਰਾਜ ਕੋਲ ਬੈਠਾ ਹੋਇਆ ਸੀ। ਪਰਮ ਹੰਸ ਸਾਧੂ ਸਾਮ੍ਹਣਿਓ ਲੰਘਿਆ। ਉਸ ਲੀਡਰ ਨੇ ਕਿਹਾ, "ਆਓ ਸੰਤ ਜੀ, ਸਾਡੇ ਕੋਲ ਵੀ ਆ ਕੇ ਬੈਠ ਜਾਓ।" ਸਾਧੂ ਦਾ ਕ੍ਰੋਧ ਅਜੇ ਠੰਡਾ ਨਹੀਂ ਸੀ ਹੋਇਆ। ਉਸ ਨੇ ਬੜੇ ਗੁੱਸੇ ਵਿੱਚ ਕਿਹਾ, "ਤੇਰੇ ਕੁੱਤੇ ਕੇ ਪਾਸ ਹਮ ਨਹੀਂ ਬੈਠਤੇ।" ਇਹ ਸੁਣ ਕੇ ਸੰਤ ਜੀ ਨੇ ਬੜੇ ਪ੍ਰੇਮ ਨਾਲ ਇਹ ਇਲਾਹੀ ਬਚਨ ਕਹੇ, "ਆਓ ਸੰਤ ਜੀ, ਅਸੀਂ ਗੁਰੂ ਨਾਨਕ ਦੇ ਕੁੱਤੇ ਹਾਂ, ਸਾਡੇ ਕੋਲ ਹੀ ਬੈਠ ਜਾਓ।" ਇਸ ਇਲਾਹੀ ਮਿੱਠੀ ਆਵਾਜ਼ ਨੇ ਸਾਧੂ ਦੇ ਹਿਰਦੇ ਨੂੰ ਐਸੇ ਪ੍ਰੇਮ ਨਾਲ ਵਿੰਨ੍ਹ ਦਿੱਤਾ ਕਿ ਉਹ ਸੰਤਾਂ ਦੇ ਚਰਨਾਂ 'ਤੇ ਢਹਿ ਪਿਆ ਤੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਵੀ ਅੰਮ੍ਰਿਤ ਛਕਾ ਕੇ ਗੁਰੂ ਕਲਗੀਆਂ ਵਾਲੇ ਦੇ ਜਹਾਜ਼ ਚੜ੍ਹਾਓ। ਉਸ ਨੇ ਸੰਤ ਜੀ ਮਹਾਰਾਜ ਪਾਸੋਂ ਅੰਮ੍ਰਿਤ ਛਕਿਆ ਤੇ ਸਿੰਘ ਸਜ ਗਿਆ।

ਇੱਕ ਵਾਰੀ ਸੰਤ ਜੀ ਮਹਾਰਾਜ ਰੇਲ ਗੱਡੀ ਵਿੱਚ ਆਪਣੇ ਸੇਵਕਾਂ ਨਾਲ ਸਫ਼ਰ ਕਰ ਰਹੇ ਸੀ ਤਾਂ ਉਸ ਡੱਬੇ ਵਿੱਚ ਕੁਝ ਆਦਮੀ ਹੁੱਕਾ ਪੀ ਰਹੇ ਸਨ। ਸੇਵਕਾਂ ਨੇ ਹੁੱਕਾ ਬੰਦ ਕਰਨ ਲਈ ਕਿਹਾ ਤਾਂ ਉਨ੍ਹਾਂ ਵਿੱਚ ਝਗੜਾ ਹੋ ਗਿਆ। ਸੰਤ ਜੀ ਮਹਾਰਾਜ ਬੜੇ ਪ੍ਰੇਮ ਨਾਲ ਬੋਲੇ, "ਪ੍ਰੇਮੀਓ! ਹੁੱਕਾ ਨੁਕਸਾਨ ਕਰਦਾ ਹੈ, ਇਸ ਨੂੰ ਛੱਡ ਦਿਓ।" ਸੰਤਾਂ ਦੇ ਇਹ ਮਿੱਠੇ ਬਚਨ ਉਨ੍ਹਾਂ ਦੇ ਹਿਰਦੇ ਵਿੱਚ ਵਸ ਗਏ। ਉਨ੍ਹਾਂ ਨੇ ਉਸੇ ਵੇਲੇ ਹੁੱਕੇ ਗੱਡੀ ਤੋਂ ਬਾਹਰ ਸੁੱਟ ਦਿੱਤੇ ਅਤੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਿੰਡ ਵਿੱਚ ਚਰਨ ਪਾਓ, ਅਸੀਂ ਵੀ ਅੰਮ੍ਰਿਤ-ਪਾਨ ਕਰਾਂਗੇ। ਬੇਨਤੀ ਮੰਨ ਕੇ ਸੰਤ ਜੀ ਮਹਾਰਾਜ ਉਨ੍ਹਾਂ ਦੇ ਪਿੰਡ ਗਏ ਅਤੇ ਗੁਰੂ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ ਅੰਮ੍ਰਿਤ ਸਾਰੇ ਪਿੰਡ ਨੂੰ ਛਕਾਇਆ।

Pathana Dii Baarish Lai Bentii | Sakhi - 37 | Sant Attar Singh ji Mastuana Wale29 Jan 202200:01:51

#SantAttarSinghji #Sakhi 

ਪਠਾਣਾਂ ਦੀ ਬਾਰਸ਼ ਲਈ ਬੇਨਤੀ  

ਪਿਸ਼ਾਵਰ ਦੇ ਇਲਾਕੇ ਵਿੱਚ ਮੀਂਹ ਨਾ ਪੈਣ ਕਰਕੇ ਸੋਕਾ ਅਤੇ ਕਾਲ ਪੈ ਗਿਆ। ਕੁਝ ਪਠਾਣਾਂ ਨੇ ਸੰਤ ਜੀ ਨੂੰ ਟਾਂਗੇ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਦੇ ਚਿਹਰੇ ਦਾ ਨੂਰ ਦੇਖ ਕੇ ਮੋਹੇ ਗਏ ਅਤੇ ਘੋੜੇ ਦੀਆਂ ਲਗਾਮਾਂ ਫੜ, ਨਿਮਾਣੇ ਹੋ ਕੇ ਬੇਨਤੀ ਕੀਤੀ, "ਵਾਸਤੇ ਖ਼ੁਦਾ ਦੇ, ਮੀਂਹ ਬਖਸ਼ੋ।" ਸੰਤ ਜੀ ਮਹਾਰਾਜ ਨੇ ਕਿਹਾ, "ਮੀਂਹ ਤਾਂ ਰੱਬ ਦੇ ਵੱਸ ਹੈ, ਅਸੀਂ ਤਾਂ ਉਸ ਦੇ ਬੰਦੇ ਹਾਂ।" ਪਠਾਣਾਂ ਨੇ ਬੜੇ ਸਤਿਕਾਰ ਨਾਲ ਸਿਜਦਾ ਕਰਦੇ ਹੋਏ ਅਰਜ਼ ਕੀਤੀ, "ਤੂੰ ਖ਼ੁਦ ਅੱਲਾ-ਤਾਲਾ ਦਾ ਨੂਰ ਦਿੱਸ ਰਿਹਾ ਹੈਂ, ਤੇਰੇ ਅਤੇ ਰੱਬ ਵਿੱਚ ਕੋਈ ਭੇਦ ਨਹੀਂ। ਅਸੀਂ ਬੜੇ ਦੁਖੀ ਹਾਂ। ਸਾਡੇ ਤੇ ਜ਼ਰੂਰ ਕਿਰਪਾ ਕਰੋ। ਜਲ ਦੇ ਤ੍ਰਾਸ ਨਾਲ ਫ਼ਸਲਾਂ ਅਤੇ ਪਸ਼ੂ-ਪੰਛੀ ਮਰ ਰਹੇ ਹਨ।" ਬੇਨਤੀ ਸੁਣ, ਸੰਤ ਜੀ ਇਨ੍ਹਾਂ ਪਾਸ ਠਹਿਰੇ। ਸ਼ਬਦ- ਕੀਰਤਨ ਹੋਇਆ ਅਤੇ ਸੰਤਾਂ ਨੇ ਇਲਾਹੀ ਰੰਗ ਵਿੱਚ:  

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ॥ ਤਾਂ ਦਰਿ ਸੁਣੀ ਪੁਕਾਰ ॥  

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ (੧੨੮੫) 

 ਸ਼ਬਦ ਪੜ੍ਹਿਆ। ਫਿਰ ਰਹਿਰਾਸ ਦਾ ਪਾਠ ਹੋਇਆ ਅਤੇ ਅਰਦਾਸ ਦੇ ਹੁੰਦਿਆਂ ਹੀ ਦੋ ਘੰਟੇ ਬੜੇ ਜ਼ੋਰ ਦੀ ਬਾਰਸ਼ ਹੋਈ। ਸਾਰੇ ਪਠਾਣ ਚਰਨੀਂ ਲੱਗੇ ਤੇ ਕਿਹਾ, "ਤੂੰ ਸਾਂਈਂ ਦਾ ਕਾਮਲ ਫ਼ਕੀਰ ਹੈਂ, ਤੇਰੇ ਦੀਦਾਰ ਨੇ ਸਾਨੂੰ ਤਾਰ ਦਿੱਤਾ ਹੈ।"

Rehmat Kha Pathan Di Fasi To Rihai | Sakhi - 36 | Sant Attar Singh ji Mastuana Wale22 Jan 202200:02:07

#SantAttarSinghji #Sakhi 

ਰਹਿਮਤ ਖਾਂ ਪਠਾਣ ਦੀ ਫਾਂਸੀ ਤੋਂ ਰਿਹਾਈ  

ਕੈਦੀ ਰਹਿਮਤ ਖਾਂ ਨੇ ਝੂਠੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਹੋਣ 'ਤੇ ਵਾਇਸਰਾਏ ਨੂੰ ਕਈ ਵਾਰੀ ਅਪੀਲ ਕੀਤੀ ਪਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਦੁਆ ਕਰਨ ਲੱਗਾ, "ਹੇ ਮੇਰੇ ਗੁਰੂ ਨਾਨਕ ਪੀਰ! ਮੈਂ ਨਿਹੱਕਾ ਹਾਂ। ਮੈਨੂੰ ਬਚਾ ਲੈ।" ਉਸਦੇ ਮਨ ਦੀ ਤਾਰ ਗੁਰੂ ਨਾਨਕ ਦੇ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਹਿਰਦੇ ਵਿੱਚ ਮਸਤੂਆਣੇ ਪਹੁੰਚੀ। ਸੰਤ ਜੀ ਵਾਹੋ-ਦਾਹੀ ਸੰਗਰੂਰ ਤੋਂ ਗੱਡੀ ਰਾਹੀਂ ਲਾਹੌਰ ਜੇਲ੍ਹ ਪਹੁੰਚੇ। ਰਹਿਮਤ ਖਾਂ ਨੇ ਸੰਤਾਂ ਦੇ ਦਰਸ਼ਨ ਕਰਕੇ ਸਿਜਦਾ ਕੀਤਾ ਅਤੇ ਉਸ ਨੂੰ ਗੁਰੂ ਨਾਨਕ 'ਤੇ ਪੂਰਨ ਵਿਸ਼ਵਾਸ ਹੋ ਗਿਆ। ਉਹ ਭੁੱਬਾਂ ਮਾਰ ਕੇ ਰੋ ਪਿਆ ਤੇ ਬੇਨਤੀ ਕੀਤੀ ਕਿ ਮੈਂ ਨਿਹੱਕਾ ਹੀ ਝੂਠੇ ਕੇਸ ਵਿੱਚ ਫਾਂਸੀ ਲੱਗ ਰਿਹਾ ਹਾਂ ਅਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਸੰਤਾਂ ਨੇ ਫ਼ੁਰਮਾਇਆ, "ਜੇ ਤੂੰ ਨਿਹੱਕਾ ਹੈਂ ਤਾਂ ਤੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਜਲਦੀ ਹੀ ਰਿਹਾਅ ਹੋ ਜਾਵੇਂਗਾ।" ਉਸ ਵਕਤ ਉਸ ਨੂੰ ਫਾਂਸੀ ਲੱਗਣ ਵਿੱਚ ਤਿੰਨ ਘੰਟੇ ਰਹਿੰਦੇ ਸਨ। ਕੁਝ ਸਮੇਂ ਬਾਅਦ ਹੀ ਵਾਇਸਰਾਏ ਤੋਂ ਤਾਰ ਦੇ ਜਰੀਏ ਉਸ ਦੀ ਰਿਹਾਈ ਦਾ ਹੁਕਮ ਆ ਗਿਆ ਕਿ ਰਹਿਮਤ ਖਾਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਜਾਵੇ। ਰਹਿਮਤ ਖਾਂ ਪਠਾਣ ਘਰ ਗਿਆ। ਇੱਕ ਦੁਸ਼ਾਲਾ ਅਤੇ ੫੦੦ ਰੁਪਏ ਲੈ ਮਸਤੂਆਣੇ ਹਾਜ਼ਰ ਹੋਇਆ ਅਤੇ ਸੰਤਾਂ ਦੇ ਚਰਨਾਂ ਵਿੱਚ ਭੇਟ ਕਰਕੇ ਗੁਰੂ ਨਾਨਕ ਪੀਰ ਦੀ ਖੁਸ਼ੀ ਪ੍ਰਾਪਤ ਕੀਤੀ। ਫਿਰ ਉਸ ਨੇ ਸਾਰੀ ਉਮਰ ਬੰਦਗੀ ਵਿੱਚ ਲਗਾ ਕੇ ਜਨਮ ਸਫ਼ਲਾ ਕੀਤਾ:  

ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥ (੭੦)  

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ (੮੧੯)

Delhi Vich Shahi Darbar | Sakhi - 34 | Sant Attar Singh ji Mastuana Wale15 Jan 202200:05:03

#SantAttarSinghji #Sakhi

ਦਿੱਲੀ ਵਿੱਚ ਸ਼ਾਹੀ ਦਰਬਾਰ  ਸੰਨ ੧੯੧੧ ਵਿੱਚ ਰਾਜਾ ਜਾਰਜ ਪੰਚਮ ਦੇ ਦਿੱਲੀ ਆਉਣ 'ਤੇ ਹਿੰਦੁਸਤਾਨ ਦੇ ਸਾਰੇ ਰਾਜੇ-ਮਹਾਰਾਜਿਆਂ ਅਤੇ ਉੱਘੇ ਲੀਡਰਾਂ ਨੇ ਉਸ ਦੇ ਸਵਾਗਤ ਲਈ ਲਾਲ ਕਿਲ੍ਹੇ ਵਿਖੇ ਸ਼ਾਹੀ ਦਰਬਾਰ ਲਾਇਆ ਅਤੇ ਜਲੂਸ ਕੱਢੇ। ਇਸ ਸੰਬੰਧ ਵਿੱਚ ਸਿੱਖ ਰਾਜੇ-ਮਹਾਰਾਜੇ ਅਤੇ ਸਮੂਹ ਸਿੱਖ ਸਾਧ-ਸੰਗਤ ਨੇ ਵੀ ਜਲੂਸ ਕੱਢਣ ਦਾ ਫ਼ੈਸਲਾ ਕੀਤਾ। ਇਨ੍ਹਾਂ ਸਾਰਿਆਂ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਇਸ ਜਲੂਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ। ਸੰਤ ਜੀ ਬੇਨਤੀ ਨੂੰ ਪਰਵਾਨ ਕਰ, ਜਲੂਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ ਹਾਥੀ 'ਤੇ ਸ਼ੁਸ਼ੋਭਿਤ ਹੋ ਗਏ। ਜਲੂਸ ਬੜੀ ਸ਼ਾਨੋ-ਸ਼ੌਕਤ ਨਾਲ ਲਾਲ ਕਿਲ੍ਹੇ ਵੱਲ ਚਲ ਪਿਆ। ਸੰਗਤਾਂ ਨੇ ਸੰਤਾਂ ਨੂੰ ਸ਼ਬਦ ਪੜ੍ਹਨ ਦੀ ਬੇਨਤੀ ਕੀਤੀ। ਸੰਤ ਜੀ ਨੇ ਪਹਿਲਾਂ:  

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ (੨੦੧)  

ਸ਼ਬਦ ਪੜ੍ਹਿਆ। ਫਿਰ ਜਦੋਂ ਜਲੂਸ ਜਾਰਜ ਪੰਚਮ ਦੇ ਅੱਗੋਂ ਦੀ ਨਿਕਲ ਰਿਹਾ ਸੀ, ਜਿਥੇ ਹਿੰਦੁਸਤਾਨ ਦਾ ਵਾਇਸਰਾਏ, ਗਵਰਨਰ ਤੇ ਰਾਜੇ-ਮਹਾਰਾਜੇ ਬੈਠੇ ਸਨ, ਬੜੇ ਪ੍ਰੇਮ ਨਾਲ ਸੰਤਾਂ ਨੇ ਸੱਜਾ ਹੱਥ ਉਪਰ ਕਰਕੇ ਇਹ ਸ਼ਬਦ ਪੜ੍ਹਿਆ: 

 ਕੋਊ ਹਰਿ ਸਮਾਨਿ ਨਹੀ ਰਾਜਾ ॥ (੮੫੬)  

ਅਤੇ ਫਿਰ ਜਾਰਜ ਪੰਚਮ ਵਲ ਹੱਥ ਕਰਕੇ ਕਿਹਾ: 

 ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥ (੮੫੬)  

ਸੰਤਾਂ ਨੇ ਐਸੇ ਵੈਰਾਗ ਵਿੱਚ ਸ਼ਬਦ ਪੜ੍ਹਿਆ, ਜਿਸ ਨੇ ਜਾਰਜ ਪੰਚਮ ਅਤੇ ਈਸਾਈਆਂ ਦੇ ਮੁੱਖ-ਪਾਦਰੀ (ਲਾਰਡ ਬਿਸ਼ਪ) ਦੇ ਹਿਰਦੇ ਨੂੰ ਟੁੰਬਿਆ। ਜਾਰਜ ਪੰਚਮ ਨੇ ਪੁੱਛਿਆ, "ਇਹ ਕੌਣ ਹਨ ਅਤੇ ਕੀ ਉਚਾਰ ਰਹੇ ਹਨ?" ਮਹਾਰਾਜਾ ਹੀਰਾ ਸਿੰਘ ਨਾਭਾ ਨੇ ਦੱਸਿਆ ਕਿ ਇਹ ਖਾਲਸਾ ਪੰਥ ਦੇ ਸ਼੍ਰੋਮਣੀ ਸੰਤ, ਸੰਤ ਅਤਰ ਸਿੰਘ ਜੀ ਮਹਾਰਾਜ ਹਨ ਅਤੇ ਸ਼ਬਦ ਦੀ ਵਿਆਖਿਆ ਵੀ ਕਰਕੇ ਦੱਸੀ।  

ਇਹ ਸੁਣ ਕੇ ਜਾਰਜ ਪੰਚਮ ਅਦੁੱਤੀ ਸਤਿਕਾਰ ਵਿੱਚ ਖੜਾ ਹੋ ਗਿਆ ਅਤੇ ਆਪਣੀ ਹੈਟ (ਟੋਪ) ਸੰਤਾਂ ਦੇ ਚਰਨਾਂ 'ਤੇ ਝੁਕਾ ਦਿੱਤੀ। ਉੱਥੇ ਹੀ ਸ਼੍ਰੋਮਣੀ ਈਸਾਈ ਪਾਦਰੀ, ਜੋ ਬਹੁਤ ਚਿਰ ਤਕ ਸੰਤ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਦਾ ਰਿਹਾ, ਉਸ ਨੇ ਕਿਹਾ ਕਿ ਇਹੋ ਜਿਹਾ ਤੇਜੱਸਵੀ ਅਤੇ ਖ਼ਾਸ ਰੱਬੀ ਤਾਕਤ ਵਾਲਾ ਚਿਹਰਾ ਮੈਂ ਅੱਜ ਤੱਕ ਕਿਧਰੇ ਨਹੀਂ ਦੇਖਿਆ। ਜੇ ਏਨੀ ਤਾਕਤ ਵਾਲਾ ਸਰੀਰ ਸਾਡੇ ਧਰਮ ਵਿੱਚ ਹੁੰਦਾ ਤਾਂ ਅਸੀਂ ਸਾਰੀ ਦੁਨੀਆਂ ਨੂੰ ਈਸਾਈ ਬਣਾ ਲੈਣਾ ਸੀ। ਜਾਰਜ ਪੰਚਮ ਦੇ ਸਾਹਮਣੇ, ਜਿੱਥੇ ਸਾਰੇ ਹਿੰਦੁਸਤਾਨ ਦੇ ਰਾਜੇ-ਮਹਾਰਾਜੇ ਅਤੇ ਲੁਕਾਈ ਉਸ ਦੇ ਸਤਿਕਾਰ ਵਿੱਚ ਸਿਰ ਝੁਕਾ ਰਹੀ ਸੀ, ਉੱਥੇ ਕੇਵਲ ਇੱਕ ਬ੍ਰਹਮਗਿਆਨੀ ਹੀ ਇਲਾਹੀ ਗਰਜ ਵਿੱਚ ਵਕਤ ਦੇ ਰਾਜੇ ਨੂੰ ਕਹਿ ਸਕਦਾ ਹੈ ਕਿ ਤੂੰ ਦੁਨੀਆਂ ਦਾ ਝੂਠਾ ਰਾਜਾ ਹੈਂ ਤੇ ਅਕਾਲ ਪੁਰਖ ਹੀ ਇੱਕ ਸੱਚਾ ਪਾਤਸ਼ਾਹ ਹੈ। 

 ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭)  

ਇੱਕ ਵਾਰ ਸੰਤ ਜੀ ਮਹਾਰਾਜ ਸੰਗਤ ਨਾਲ ਬੇੜੀ ਵਿੱਚ ਬੈਠ ਕੇ ਜਿਹਲਮ ਦਰਿਆ ਪਾਰ ਕਰ ਰਹੇ ਸਨ ਤਾਂ ਬੜੇ ਜ਼ੋਰ ਦਾ ਝੱਖ਼ੜ ਅਤੇ ਤੂਫ਼ਾਨ ਆਉਣ ਨਾਲ ਬੇੜੀ ਦੇ ਮਲਾਹ ਨੇ ਬੇਨਤੀ ਕੀਤੀ ਕਿ ਬੇੜੀ ਡੁੱਬਣ ਲੱਗੀ ਹੈ, ਮੇਰਾ ਹੁਣ ਕੋਈ ਵੱਸ ਨਹੀਂ ਹੈ ਤਾਂ ਸੰਤ ਜੀ ਮਹਾਰਾਜ ਨੇ ਸੰਗਤਾਂ ਨਾਲ ਇਹ ਸ਼ਬਦ:  

ਰਾਮ ਜਪਉ ਜੀਅ ਐਸੇ ਐਸੇ ॥ ਧ੍ਰ ਪ੍ਰਹਿਲਾਦ ਜਪਿਓ ਹਰਿ ਜੈਸੇ ॥  

ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥ 

 ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥ (੩੩੭)  

ਪੜ੍ਹਿਆ ਅਤੇ ਬੇੜੀ ਸਹਿਜ-ਸੁਭਾਇ ਹੀ ਦਰਿਆ ਪਾਰ ਕਰ ਗਈ। ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨਹੁੰਆਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ-ਬਾਣੀ ਸਿਮਰਨ ਵਿੱਚ ਜੁੱਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ:  

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫) 

 ਦੇ ਮਹਾਂਵਾਕ ਅਨੁਸਾਰ ਚੱਲਾਂਗੇ ਤਾਂ ਇਸੇ ਜਨਮ ਵਿੱਚ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜ੍ਹ ਕੇ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ (ਸੱਚਖੰਡ) ਪਹੁੰਚ ਜਾਵਾਂਗੇ।  

ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥ (੫੯੫)  

ਸਚ ਖੰਡਿ ਵਸੈ ਨਿਰੰਕਾਰੁ ॥ (੮)

Sewa Di Kaswati | Sakhi - 33 | Sant Attar Singh ji Mastuana Wale08 Jan 202200:01:34

#SantAttarSinghji #Sakhi 

ਸੇਵਾ ਦੀ ਕਸਵੱਟੀ  

ਮਸਤੂਆਣੇ ਵਿਖੇ ਬੇਅੰਤ ਮਾਇਆ ਸੇਵਾ ਵਿੱਚ ਆਉਣ ਲੱਗ ਪਈ। ਲੰਗਰ ਵਿੱਚ ਕੜਾਹ-ਪ੍ਰਸ਼ਾਦ, ਖੀਰਾਂ ਅਤੇ ਹੋਰ ਪਦਾਰਥਾਂ ਦੇ ਖੁੱਲ੍ਹੇ ਗੱਫੇ ਵਰਤਣ ਲੱਗ ਪਏ, ਜਿਸ ਨਾਲ ਤਕਰੀਬਨ ੫੦੦ ਤੋਂ ਵੱਧ ਸਾਧੂ-ਸੇਵਕ ਇਕੱਠੇ ਹੋ ਗਏ। ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਤਾਂ ਸੰਤਾਂ ਨੇ ਸਾਰੀ ਮਾਇਆ ਸੇਵਾ ਵਿੱਚ ਲਾਉਣ ਦਾ ਹੁਕਮ ਕੀਤਾ। ਲੰਗਰ ਵਿੱਚ ਕੜਾਹ-ਪ੍ਰਸ਼ਾਦ, ਖੀਰਾਂ ਅਤੇ ਹੋਰ ਸੁਆਦੀ ਪਦਾਰਥ ਬੰਦ ਕਰ ਦਿੱਤੇ। ਸਾਦਾ ਦਾਲ-ਰੋਟੀ ਦਾ ਲੰਗਰ ਚੱਲਣ ਲੱਗ ਪਿਆ ਤਾਂ ਸੁਆਦਾਂ ਵਾਲੇ ਸੱਜਣ ਹੌਲ਼ੀ-ਹੌਲ਼ੀ ਖਿਸਕ ਗਏ। ਸਿਰਫ਼ ਪ੍ਰੇਮ-ਭਾਵਨਾ ਵਾਲੇ ੫੦ ਕੁ ਸੇਵਕ ਹੀ ਸੇਵਾ ਵਿੱਚ ਰਹਿ ਗਏ। ਸੰਤ ਜੀ ਮਹਾਰਾਜ ਨੇ ਕਿਹਾ ਕਿ ਮੱਖੀ-ਚੱਖੀ ਝੜ ਗਈ ਹੈ ਅਤੇ ਹੁਣ ਸੱਚੇ-ਸੁੱਚੇ ਸ਼ਰਧਾਲੂ, ਜਿਨ੍ਹਾਂ 'ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਹੀ ਸੇਵਾ ਵਿੱਚ ਬਹੁਤ ਹਨ:  

ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ॥ (੪੬੭) 

ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ॥ (੧੦੧੩)

Gursagar Sahib Mastuana Pragat Karna | Sakhi - 32 | Sant Attar Singh ji Mastuana Wale01 Jan 202200:02:02

#SantAttarSinghji #Sakhi

ਗੁਰਸਾਗਰ ਸਾਹਿਬ ਮਸਤੂਆਣਾ ਪ੍ਰਗਟ ਕਰਨਾ 

 ਸੰਗਰੂਰ ਜ਼ਿਲ੍ਹੇ ਵਿੱਚ ਮਸਤੂਆਣੇ ਨਾਮ ਦੇ ਘਣੇ ਜੰਗਲ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਅਨੁਭਵ ਕੀਤਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਹਨ ਅਤੇ ਅਨੇਕਾਂ ਸੰਤਾਂ-ਭਗਤਾਂ ਨੇ ਜਪ-ਤਪ ਕੀਤੇ ਹਨ। ੧੯੦੧ ਵਿੱਚ ਸੰਤ ਜੀ ਨੇ ਇਸ ਅਸਥਾਨ ਨੂੰ ਪ੍ਰਗਟ ਕਰਕੇ ਮਹਾਨ ਆਤਮਿਕ ਵਿੱਦਿਆ ਦਾ ਕੇਂਦਰ ਬਣਾਇਆ। ਇਸ ਦਾ ਨਾਂ ਗੁਰਦੁਆਰੇ ਦਾ ਨੀਂਹ-ਪੱਥਰ ਰੱਖਣ ਸਮੇਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮਹਾਂਵਾਕ:  

ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ (੬੮੫) 

 ਦੇ ਅਨੁਸਾਰ ਰੱਖਿਆ ਗਿਆ। ਸੰਗਤਾਂ ਵਿੱਚੋਂ ਕਈ ਪ੍ਰੇਮੀਆਂ ਨੇ ਕਈ ਤਰ੍ਹਾਂ ਦੇ ਨਾਂ ਦੱਸੇ ਪਰ ਸੰਤ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਸਾਹਿਬ ਨੇ 'ਗੁਰਸਾਗਰ' ਸਾਹਿਬ ਦੀ ਬਖ਼ਸ਼ਿਸ਼ ਕੀਤੀ ਹੈ। ਇੱਥੇ ਸੰਤ ਗੁਲਾਬ ਸਿੰਘ ਜੀ, ਸੰਤ ਬਿਸ਼ਨ ਸਿੰਘ ਜੀ ਅਤੇ ਹੋਰ ਬੇਅੰਤ ਪ੍ਰੇਮੀਆਂ ਨੇ ਸੰਤਾਂ ਦੀ ਆਗਿਆ ਵਿੱਚ ਅਤੁੱਟ ਸੇਵਾ ਕੀਤੀ। ੧੯੦੬ ਵਿੱਚ ਲੜਕੀਆਂ ਦਾ ਇੱਕ ਸਕੂਲ ਖੋਲ੍ਹਿਆ ਅਤੇ ਸੰਤ ਤੇਜਾ ਸਿੰਘ ਜੀ ਨੇ ਸੰਤ ਜੀ ਮਹਾਰਾਜ ਦੀ ਆਗਿਆ ਵਿੱਚ ਇਸ ਕਾਰਜ ਲਈ ਆਪਣਾ ਜੀਵਨ ਅਰਪਨ ਕਰ ਦਿੱਤਾ:  

ਜਿਥੈ ਜਾਇ ਬਹੈ ਮੇਰਾ ਸਤਿਗਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ 

ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ (੪੫੦)

Sikhi Sidak | Sakhi - 31 | Sant Attar Singh ji Mastuana Wale25 Dec 202100:01:16

#SantAttarSinghji #Sakhi

ਸਿੱਖੀ ਸਿਦਕ 

ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ 

ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥ (੭੬੨) 

 ਸੰਤ ਜੀ ਮਹਾਰਾਜ ਦੇ ਹਿਰਦੇ ਵਿੱਚ ਅਤਿ ਦੀ ਗ਼ਰੀਬੀ ਸੀ। ਇੱਕ ਵਾਰ ਹਜ਼ੂਰ ਸਾਹਿਬ ਤੋਂ ਗੱਡੀ ਚੜ੍ਹਨ ਸਮੇਂ, ਸੰਗਤਾਂ ਦਾ ਪ੍ਰੇਮ ਅਤੇ ਵੈਰਾਗ ਦੇਖ ਕੇ ਸੰਤ ਜੀ ਨੇ ਸਭ ਨੂੰ ਧੀਰਜ ਦੇ ਕੇ ਆਖਿਆ,"ਭਾਈ! ਤੁਸੀਂ ਹਜ਼ੂਰੀ ਸਿੱਖ ਹੋ। ਹਰ ਵਕਤ ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦੇ ਹੋ। ਸਾਡੇ ਲਈ ਹਰ ਰੋਜ਼ ਪ੍ਰੀਤਮ-ਪਿਆਰੇ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਸਿੱਖੀ-ਸਿਦਕ ਸਰੀਰ ਨਾਲ ਨਿਭ ਜਾਏ ਅਤੇ ਇਹ ਸਰੀਰ ਸਾਧ- ਸੰਗਤ ਦੀ ਟਹਿਲ ਵਿੱਚ ਹੀ ਸਫ਼ਲਾ ਹੋਵੇ":  

ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥ (੨੦੯)

Bachan Naa Palan Di Aavgiya | Sakhi - 30 | Sant Attar Singh ji Mastuana Wale18 Dec 202100:01:28

#SantAttarSinghji #Sakhi

ਬਚਨ ਨਾ ਪਾਲਣ ਦੀ ਅਵਗਿਆ  

ਕਨੋਹੇ ਤੋਂ ਮਾਈ ਭਾਗਭਰੀ ਅਤੇ ਭਾਈ ਨੰਦ ਸਿੰਘ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਦੱਸਿਆ ਕਿ ਭੁਝੰਗੀ ਹਰੀ ਸਿੰਘ ਚੜ੍ਹਾਈ ਕਰ ਗਿਆ ਹੈ। ਸੰਤ ਜੀ ਮਹਾਰਾਜ ਨੇ ਕਿਹਾ, "ਤੁਸੀਂ ਕੋਈ ਅਵੱਗਿਆ ਜ਼ਰੂਰ ਕੀਤੀ ਹੋਵੇਗੀ। ਅਸੀਂ ਕਿਹਾ ਸੀ ਕਿ ਇਸ ਕਾਕੇ ਨੂੰ ਸਾਡਾ ਹੀ ਰੂਪ ਸਮਝਣਾ। ਉਹ ਖ਼ਾਸ ਉਪਕਾਰੀ ਜੀਵ ਸੀ, ਬੰਧਨਾਂ ਵਿੱਚ ਨਹੀਂ ਸੀ ਪੈਣਾ ਚਾਹੁੰਦਾ। ਇਸ ਲਈ ਉਹ ਮੌਜ ਵਿੱਚ ਆਇਆ ਸੀ ਅਤੇ ਆਪਣੀ ਮੌਜ ਵਿੱਚ ਹੀ ਚਲਾ ਗਿਆ ਹੈ।" ਮਾਈ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਭੁੱਲ ਕੀਤੀ ਹੈ ਕਿ ਆਪ ਜੀ ਦਾ ਬਚਨ ਨਹੀਂ ਮੰਨਿਆ ਅਤੇ ਉਸ ਨੂੰ ਵਿਆਹ ਦੇ ਬੰਧਨ ਵਿੱਚ ਪਾਉਣਾ ਚਾਹਿਆ। ਕਿਰਪਾ ਕਰਕੇ ਆਪ ਜੀ ਸਾਡੀ ਇਸ ਭੁੱਲ ਨੂੰ ਬਖਸ਼ ਲਉ ਅਤੇ ਵਾਹਿਗੁਰੂ ਦਾ ਭਾਣਾ ਮੰਨਣ ਦੀ ਤਾਕਤ ਬਖਸ਼ੋ।

Sangta Da Khiraj Guru Sahib Ji Di Hajoori Vich | Sakhi - 29 | Sant Attar Singh ji Mastuana Wale11 Dec 202100:01:38

#SantAttarSinghji #Sakhi

ਸੰਗਤਾਂ ਦਾ ਖਿਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ   

ਸੰਤ ਅਤਰ ਸਿੰਘ ਜੀ ਜਦੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਤਾਂ ਕਿੰਨਾ-ਕਿੰਨਾ ਚਿਰ ਆਪਣੇ ਮੱਥੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਰਗੜੀ ਜਾਂਦੇ, ਜਿਸ ਕਰਕੇ ਮੱਥੇ ਵਿੱਚ ਰਗੜ ਦਾ ਗਹਿਰਾ ਦਾਗ਼ ਪੈ ਗਿਆ ਅਤੇ ਖੂਨ ਨਿਕਲਣ ਲੱਗ ਪਿਆ। ਗਿਆਨੀ ਠਾਕੁਰ ਸਿੰਘ ਜੀ, ਜੋ ਸੰਤਾਂ ਨੂੰ ਮੱਥਾ ਰਗੜਦੇ ਕਿੰਨਾ ਚਿਰ ਦੇਖਦੇ ਰਹੇ, ਨੇ ਸੰਤਾਂ ਨੂੰ ਬੇਨਤੀ ਕੀਤੀ, "ਆਪ ਜੈਸੀਆਂ ਬਖ਼ਸ਼ੀਆਂ ਹੋਈਆਂ ਰੂਹਾਂ ਨੂੰ ਐਨੇ ਮੱਥੇ ਰਗੜਨ ਦੀ ਕੀ ਲੋੜ ਹੈ?" ਸੰਤ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਅਤੇ ਵੈਰਾਗ ਭਰੇ ਅਮੋਲਕ ਬਚਨਾਂ ਦੁਆਰਾ ਉੱਤਰ ਦਿੱਤਾ, "ਜਦ ਅਸੀਂ ਪ੍ਰਕਰਮਾਂ ਵਿੱਚੋਂ ਲੰਘਦੇ ਹਾਂ ਤਦ ਅਨੇਕਾਂ ਮਾਈ-ਭਾਈ ਇਸ ਖਲੜੇ (ਸਰੀਰ) ਨੂੰ ਨਮਸਕਾਰ ਕਰਦੇ ਹਨ। ਅਸੀਂ ਸੰਗਤਾਂ ਦਾ ਉਹ ਖਿਰਾਜ (ਡੰਡੋਉਤ) ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚਾਉਂਦੇ ਹਾਂ"।

Mahapursha Taa Rasta Hi Das Sakhde Han | Sakhi - 28 | Sant Attar Singh ji Mastuana Wale04 Dec 202100:01:16

#SantAttarSinghji #Sakhi

ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ 

 ਸੰਤ ਅਤਰ ਸਿੰਘ ਜੀ ਮਹਾਰਾਜ ਫ਼ੁਰਮਾਉਂਦੇ ਕਿ ਬਚਨ ਮੰਨ ਕੇ ਕਮਾਈ ਕਰਨਾ ਜਗਿਆਸੂ ਦਾ ਫ਼ਰਜ਼ ਹੈ। ਮਹਾਂਪੁਰਸ਼ ਤਾਂ ਰਸਤਾ ਹੀ ਦੱਸ ਸਕਦੇ ਹਨ। ਜਿਸ ਤਰ੍ਹਾਂ ਜਹਾਜ਼ ਦੇ ਕੰਢੇ ਲੱਗਣ ਲਈ, ਘਾਟ ਦੇ ਰਾਹ ਵਾਲੇ ਪਾਣੀ ਵਿੱਚ ਲੋਹੇ ਦੇ ਢੋਲਾਂ ਦੀਆਂ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਹਨ। ਜੇ ਜਹਾਜ਼ ਇਨ੍ਹਾਂ ਨਿਸ਼ਾਨੀਆਂ ਵਿੱਚੋਂ ਜਾਵੇਗਾ ਤਾਂ ਪਾਰ ਲੱਗ ਜਾਵੇਗਾ ਨਹੀਂ ਤਾਂ ਜਿਲ੍ਹਣ ਵਿੱਚ ਫਸ ਜਾਵੇਗਾ ਜਾਂ ਚੱਟਾਨ ਨਾਲ ਟਕਰਾਏਗਾ। ਇਸੇ ਤਰ੍ਹਾਂ ਭਵ-ਸਾਗਰ ਤੋਂ ਪਾਰ ਲੰਘੇ ਮਹਾਂਪੁਰਸ਼ ਦੱਸਦੇ ਹਨ ਕਿ ਭਾਈ ਇੱਥੇ ਹੰਕਾਰ ਦੀ ਚੱਟਾਨ ਹੈ ਅਤੇ ਇੱਥੇ ਕਾਮ, ਕ੍ਰੋਧ, ਲੋਭ, ਮੋਹ ਦੀ ਘੁੰਮਣ-ਘੇਰੀ ਹੈ। ਜਿਹੜਾ ਪ੍ਰਾਣੀ ਜੁਗਤ ਅਨੁਸਾਰ ਚੱਲੇਗਾ, ਉਹ ਸੰਸਾਰ ਰੂਪੀ ਭਵ-ਸਾਗਰ ਤੋਂ ਪਾਰ ਹੋ ਜਾਵੇਗਾ।

Puran Khalsa Hona Ek Bikhadi Gathi Hai | Sakhi - 27 | Sant Attar Singh ji Mastuana Wale27 Nov 202100:01:38

#SantAttarSinghji #Sakhi 

ਪੂਰਨ ਖ਼ਾਲਸਾ ਹੋਣਾ ਇਕ ਬਿਖੜੀ ਘਾਟੀ ਹੈ  

ਸੰਤ ਮਹਾਰਾਜ ਫ਼ੁਰਮਾਉਂਦੇ, "ਅੰਮ੍ਰਿਤ ਤਾਂ ਨਾਮ-ਰਸ, ਪ੍ਰੇਮ-ਰਸ ਅਤੇ ਬੀਰ-ਰਸ ਦਾ ਬੀਜ ਹੈ। ਇਸ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ। ਭਾਵੇਂ ਮਾਈ ਆਵੇ ਜਾਂ ਭਾਈ, ਜਿਹੜਾ ਆਵੇ ਛਕਾ ਦਿਉ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਹਾਜ਼ 'ਤੇ ਚੜ੍ਹਨ ਦੀ ਟਿਕਟ ਲੈਣ ਆਇਆਂ ਨੂੰ ਅਸੀਂ ਧੱਕਾ ਨਹੀਂ ਦੇ ਸਕਦੇ।" ਪ੍ਰੇਮੀ ਸ਼ੰਕਾ ਕਰਦੇ, "ਤਿਆਰ-ਬਰ-ਤਿਆਰ ਖ਼ਾਲਸਾ ਹੀ ਅੰਮ੍ਰਿਤ ਦਾ ਅਧਿਕਾਰੀ ਹੈ।" ਸੰਤ ਜੀ ਮਹਾਰਾਜ ਫ਼ੁਰਮਾਉਂਦੇ, "ਭਾਈ! ਤਿਆਰ-ਬਰ-ਤਿਆਰ ਖ਼ਾਲਸਾ ਹੋਣਾ ਬੜੀ 'ਬਿਖੜੀ ਘਾਟੀ' ਹੈ। ਜਦ ਤੀਕਰ ਵਿਅਕਤੀ ਅਕਾਲ ਪੁਰਖ ਦੀ ਜੋਤ ਦੀ ਲਖਤਾ ਕਰਕੇ ਉਸ ਵਿੱਚ ਅਭੇਦ ਨਹੀਂ ਹੁੰਦਾ, ਉਦੋਂ ਤੱਕ ਉਹ ਉਮੀਦਵਾਰ ਵਿਦਿਆਰਥੀ ਹੈ।" ਫੇਰ ਕਿਹਾ, "ਭਾਈ! ਜਿਸ ਚੀਜ਼ ਦੀ ਅਸੀਂ ਖੋਜ ਕਰਨੀ ਹੈ, ਉਸ ਦੀ ਤਾਂ ਅਸੀਂ ਪ੍ਰਵਾਹ ਕਰਦੇ ਨਹੀਂ, ਰਾਹ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਪਏ ਰਹਿੰਦੇ ਹਾਂ। ਇਹ ਨੁਕਤਾਚੀਨੀਆਂ ਸਾਡੇ ਸੱਚ ਦੇ ਪੰਧ ਵਿੱਚ ਅਟਕ ਅਤੇ ਵਿਘਨ ਪਾਉਂਦੀਆ ਹਨ ਅਤੇ ਸਾਨੂੰ ਗੁਰਮਤਿ ਮਾਰਗ 'ਤੇ ਤੁਰਨ ਨਹੀਂ ਦਿੰਦੀਆਂ ।"

Simran Abhiyaas | Sakhi - 62 | Sant Attar Singh Ji Mastuana Wale17 Sep 202200:01:22

#SantAttarSinghji #Sakhi 

ਸਿਮਰਨ ਅਭਿਆਸ  

ਇੱਕ ਦਿਨ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲਿਆਂ) ਨੇ ਫ਼ੁਰਮਾਇਆ ਕਿ ਸਤਿਗੁਰੂ ਜੀ ਦੀ ਮਿਹਰ ਹੋਵੇ ਤਾਂ ਇੱਕ-ਰਸ ਸਿਮਰਨ ਕਰਕੇ ਆਪਣੇ ਆਪ ਅਗਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਇੱਕ-ਰਸ ਸਿਮਰਨ ਹੀ ਕਰਨਾ ਚਾਹੀਦਾ ਹੈ। ਸੰਤ ਅਤਰ ਸਿੰਘ ਜੀ ਨੇ ਫ਼ੁਰਮਾਇਆ, "ਇਹ ਠੀਕ ਹੈ। ਪਹਿਲਾਂ ਆਦਮੀ ਉੱਚੀ-ਉੱਚੀ ਸਿਮਰਨ ਕਰਦਾ ਹੈ ਜਾਂ ਗੁਰਬਾਣੀ ਪੜ੍ਹਦਾ ਹੈ, ਫਿਰ ਬੁੱਲ੍ਹ ਨਹੀਂ ਹਿਲਦੇ, ਇਕੱਲੀ ਜੀਭ ਹੀ ਨਾਮ-ਅਭਿਆਸ ਕਰਦੀ ਰਹਿੰਦੀ ਹੈ। ਅਗਲੀ ਅਵਸਥਾ ਵਿੱਚ ਜੀਭ ਤੇ ਕੰਠ ਵੀ ਹਿੱਲਣੋਂ ਹਟ ਜਾਂਦੇ ਹਨ। ਸਦਾ ਕਰਤਾਰ ਨਾਲ ਲਿਵ ਜੁੜੀ ਰਹਿੰਦੀ ਹੈ। ਹਰ ਇੱਕ ਰੋਮ ਵਿੱਚੋਂ ਵਾਹਿਗੁਰੂ ਦੀ ਧੁਨੀ ਸੁਣਦੀ ਹੈ। ਇੱਥੋਂ ਤੱਕ ਕਿ ਸਾਰਾ ਸੰਸਾਰ ਤੇ ਹਰ ਸ਼ੈਅ ਵਾਹਿਗੁਰੂ ਅਲਾਪਦੀ ਸੁਣਾਈ ਦਿੰਦੀ ਹੈ:  

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥ (੯੮੮)

Gurmantar Da Sangat Vich Khula Jaap | Sakhi - 26 | Sant Attar Singh ji Mastuana Wale20 Nov 202100:01:17

#SantAttarSinghji #Sakhi

ਗੁਰਮੰਤ੍ਰ ਦਾ ਸੰਗਤ ਵਿੱਚ ਖੁੱਲ੍ਹਾ ਜਾਪ  

ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇੱਕ ਦਿਨ ਨਾਮਧਾਰੀ ਬਾਬਾ ਕੇਸਰ ਸਿੰਘ ਜੀ ਨੇ ਪਹੁੰਚ ਕੇ ਅਨੇਕਾਂ ਅਗੰਮੀ ਬਚਨ ਕੀਤੇ ਅਤੇ ਇਹ ਵੀ ਫ਼ੁਰਮਾਇਆ ਕਿ ਅੱਗੇ ਗੁਰਮੰਤ੍ਰ ਗੁਪਤ ਦਿੱਤਾ ਜਾਂਦਾ ਸੀ, ਹੁਣ ਖੁੱਲ੍ਹਾ ਚੱਕਰ ਚੱਲੇਗਾ ਅਤੇ ਸੰਗਤ ਵਿੱਚ ਜਪਾਇਆ ਜਾਏਗਾ। ਜਦ ਸੰਤ ਤੇਜਾ ਸਿੰਘ ਜੀ ਨੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ" ਛੇਤੀ ਹੀ ਚਲੇ ਗਏ। ਉਸੇ ਸ਼ਾਮ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਉੱਥੇ ਚਰਨ ਪਾਏ ਅਤੇ ਪਹਿਲੀ ਵਾਰ ਸਾਧ-ਸੰਗਤ ਵਿੱਚ ਗੁਰਮੰਤ੍ਰ ਦਾ ਖੁੱਲ੍ਹਾ ਜਾਪ ਕਰਾਇਆ। ਭੋਗ ਉਪਰੰਤ ਤੁਰੰਤ ਇਹ ਆਖ, "ਸਾਨੂੰ ਠਹਿਰਨ ਦਾ ਹੁਕਮ ਨਹੀਂ", ਗੱਡੀ 'ਤੇ ਸਵਾਰ ਹੋ ਕੇ ਚਲੇ ਗਏ।

Baba Sham Singh ji Naal Milap | Sakhi - 25 | Sant Attar Singh ji Mastuana Wale13 Nov 202100:02:09

#SantAttarSinghji #Sakhi #SantSamagam 

ਸੰਤ ਬਾਬਾ ਸ਼ਾਮ ਸਿੰਘ ਜੀ ਨਾਲ ਮਿਲਾਪ  

ਬ੍ਰਹਮ ਗਿਆਨੀ ਸੰਤ ਸ਼ਾਮ ਸਿੰਘ ਜੀ ਤੇ ਸੰਤ ਅਤਰ ਸਿੰਘ ਜੀ ਨੇ ਰਾਵਲ ਪਿੰਡੀ ਅਤੇ ਅੰਮ੍ਰਿਤਸਰ ਵਿੱਚ ਅਨੇਕਾਂ ਦੀਵਾਨ ਇਕੱਠੇ ਲਾਏ। ਇੱਕ ਦਿਨ ਸੰਤ ਜੀ ਮਹਾਰਾਜ ਡੇਰੇ ਬਿਰਾਜਮਾਨ ਸਨ ਕਿ ਸ਼ਾਮ ਵੇਲੇ ਸੰਤ ਬਾਬਾ ਸ਼ਾਮ ਸਿੰਘ ਜੀ ਬਾਜੇ-ਗਾਜੇ ਨਾਲ ੧੧ ਚੰਗੇਰਾਂ (ਛੁਹਾਰੇ, ਬਦਾਮ, ਪਤਾਸੇ ਆਦਿ) ਲੈ ਕੇ ਹਾਜ਼ਰ ਹੋਏ। ਸੰਤ ਜੀ ਮਹਾਰਾਜ ਨੂੰ ਨਮਸਕਾਰ ਕਰਕੇ, ਪੰਜ ਪੈਸੇ ਤੇ ਨਾਰੀਅਲ ਭੇਟਾ ਰੱਖ, ਸਾਮ੍ਹਣੇ ਬੈਠ ਗਏ। ਬੜੇ ਨਿਮਰਤਾ ਭਰੇ ਬਚਨਾਂ ਨਾਲ ਬੇਨਤੀ ਕੀਤੀ, "ਮਹਾਰਾਜ! ਕ੍ਰਿਪਾ ਕਰੋ।" ਬਾਬਾ ਸ਼ਾਮ ਸਿੰਘ ਜੀ ਬੜੇ ਹੀ ਪ੍ਰਸੰਨ ਹੋਏ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੱਥ ਜੋੜ ਕੇ ਨਮਸਕਾਰ ਕਰ ਕੇ ਕਿਹਾ ਕਿ ਆਪ ਜੀ ਗੁਰੂ ਨਾਨਕ ਦੇ ਸਵਾਰੇ ਹੋਏ ਅਕਾਲ ਪੁਰਖ ਦੇ ਪੂਰਣ ਬ੍ਰਹਮ ਗਿਆਨੀ ਹੋ ਅਤੇ ਆਪ ਜੀ ਵਿੱਚ ਸਾਰੀ ਇਲਾਹੀ ਸਮਰੱਥਾ ਹੈ। ਪਰ ਫਿਰ ਵੀ ਬਾਬਾ ਸ਼ਾਮ ਸਿੰਘ ਜੀ ਨੇ ਸੰਤ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਦੇ ਨਾਮ ਦੀ ਖੁੱਲ੍ਹੀ ਵਰਖਾ ਕਰੋ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੁਕਮ ਮੰਨ ਕੇ ਸੰਗਤਾਂ ਵਿੱਚ ਗੁਰਮੰਤ੍ਰ ਦਾ ਖੁੱਲ੍ਹਾ ਜਾਪ ਜਪਾਇਆ, ਜਿਸ ਨਾਲ ਸਾਰੀਆਂ ਸੰਗਤਾਂ ਨਿਹਾਲ ਹੋ ਗਈਆਂ। ਇਸ ਗੁਪਤ ਕਲਾ ਦੁਆਰਾ ਸੰਤ ਬਾਬਾ ਸ਼ਾਮ ਸਿੰਘ ਜੀ ਨੇ ਇਹ ਦਰਸਾਇਆ ਕਿ ਸੰਤ ਜੀ ਮਹਾਰਾਜ ਨੂੰ ਅਕਾਲ ਪੁਰਖ ਨੇ ਇਸ ਘੋਰ ਕਲਯੁਗ ਵਿੱਚ ਸਤਿਨਾਮੁ ਵਾਹਿਗੁਰੂ ਦੇ ਜਪਾਣ ਲਈ ਅਤੇ ਅੰਮ੍ਰਿਤ ਸੰਚਾਰ ਕਰਨ ਲਈ ਭੇਜਿਆ ਹੈ:  

ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ ॥ (੨੭੩)

Akal Purakh De Darshan | Sakhi - 24 | Sant Attar Singh ji Mastuana Wale06 Nov 202100:02:44

#SantAttarSinghji #Sakhi #SantSamagam 

ਅਕਾਲ ਪੁਰਖ ਦੇ ਦਰਸ਼ਨ 

 ਭੁਝੰਗੀ ਹੁਕਮ ਸਿੰਘ ਸੰਗਤ ਦੇ ਨਾਲ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ। ਭੁਝੰਗੀ ਨੂੰ ਇਹ ਖ਼ਿਆਲ ਆਇਆ ਕਿ ਜੇ ਇਹ ਪੂਰਨ ਸੰਤ ਹਨ ਤਾਂ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਕਰਵਾ ਦੇਣ। ਸੰਤਾਂ ਨੇ ਉਸ ਦੇ ਹਿਰਦੇ ਦੀ ਤਾਰ ਬੁੱਝ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਇਹ ਪੂਰਾ ਸ਼ਬਦ ਪੜ੍ਹਿਆ:  

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ (੬੮੪)  

ਇਹ ਸ਼ਬਦ ਸੁਣ ਕੇ ਭੁਝੰਗੀ ਦੀ ਨਿਸ਼ਾ ਹੋ ਗਈ। ਉਸ ਨੂੰ ਹਿਰਦੇ ਵਿੱਚ ਕਰਤਾਰ ਭਾਸਣ ਲੱਗ ਪਿਆ। ਦੀਵਾਨ ਤੋਂ ਬਾਅਦ ਜਦੋਂ ਸੰਗਤ ਨਾਲ ਵਾਪਸ ਜਾ ਰਿਹਾ ਸੀ ਤਾਂ ਫਿਰ ਹਉਮੈ ਦੇ ਡੰਗ ਮਾਰਨ ਤੇ ਇਹ ਸ਼ੰਕਾ ਹੋਇਆ ਕਿ ਇਹੋ ਜਿਹੇ ਸ਼ਬਦ ਤਾਂ ਸਾਰੇ ਹੀ ਪੜ੍ਹਦੇ ਹਨ ਪਰ ਮੈਨੂੰ ਸੰਤਾਂ ਨੇ ਰੱਬ ਦੇ ਦਰਸ਼ਨ ਨਹੀਂ ਕਰਾਏ। ਸੰਤਾਂ ਨੇ ਉਸ ਦੇ ਅੰਦਰ ਦੀ ਭਾਵਨਾ ਜਾਣ ਕੇ ਉਸ ਨੂੰ ਵਾਪਸ ਬੁਲਾਇਆ ਅਤੇ ਹੱਥ ਦੀ ਉਂਗਲੀ ਪਹਿਲੇ ਅਸਮਾਨ ਵੱਲ ਤੇ ਫਿਰ ਜ਼ਮੀਨ ਵੱਲ ਕੀਤੀ ਅਤੇ ਪ੍ਰੇਮ ਨਾਲ ਕਿਹਾ, "ਪ੍ਰਭੂ ਪ੍ਰੇਮਾ-ਬਿਰਤੀ ਵਿੱਚ ਉੱਤੇ ਵੀ ਚੜ੍ਹਾ ਸਕਦਾ ਹੈ ਅਤੇ ਹਉਮੈ ਅਧੀਨ ਸ਼ੰਕਾ-ਗ੍ਰਸਤ ਹੋਣ 'ਤੇ ਹੇਠਾਂ ਵੀ ਡੇਗ ਸਕਦਾ ਹੈ। ਜਿਨ੍ਹਾਂ ਨੂੰ ਦਰਸ਼ਨ ਦੀ ਖਿੱਚ ਹੋਵੇ, ਉਹ ਦਸਾਂ ਨਹੁੰਆਂ ਦੀ ਕਿਰਤ ਕਰਨ, ਆਪਣੀ ਕਮਾਈ ਦਾ ਦਸਵੰਧ ਗੁਰੂ ਵਲ ਲਾਉਣ:  

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (੧੨੮੫) 

 ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਇਸ ਰਹਿਣੀ-ਬਹਿਣੀ ਤੇ ਚੱਲਣ: 

 ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ (੩੦੫)  

ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਵਾਹਿਗੁਰੂ ਦਾ ਜਾਪ ਕਰਨ, ਗੁਰਬਾਣੀ ਪੜ੍ਹਨ, ਸਾਧ-ਸੰਗਤ ਦੀ ਨਿਸ਼ਕਾਮ ਸੇਵਾ ਕਰਨ: 

 ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ (੩੦੫)  

ਦੇ ਮਹਾਂਵਾਕ ਅਨੁਸਾਰ ਆਪੇ ਨੂੰ ਭੁਲਾਉਣ ਤਾਂ ਅਨਭਉ ਪ੍ਰਕਾਸ਼ ਹੋ ਕੇ ਹਰਿ ਰੰਗ ਵਿੱਚ ਪਿਆਰਾ ਹੀ ਪਿਆਰਾ ਭਾਸਦਾ ਹੈ।" ਭੁਝੰਗੀ ਤ੍ਰਿਪਤ ਹੋ ਕੇ ਨਾਮ-ਸਿਮਰਨ ਵਿੱਚ ਜੁੱਟ ਗਿਆ।

Ek Musalman Fakir Nu Darshan | Sakhi - 23 | Sant Attar Singh ji Mastuana Wale30 Oct 202100:02:00

#SantAttarSinghji #Sakhi

ਇਕ ਮੁਸਲਮਾਨ ਫ਼ਕੀਰ ਨੂੰ ਦਰਸ਼ਨ  

ਪੋਠੋਹਾਰ ਕਹੂਟੇ ਦੇ ਜੰਗਲ ਵਿੱਚ ਇੱਕ ਚਸ਼ਮੇ 'ਤੇ ਸੰਤ ਜੀ ਮਹਾਰਾਜ ਇਕਾਂਤ ਵਿੱਚ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਗਏ। ਇਸ ਜੰਗਲ ਵਿੱਚ ਇੱਕ ਮੁਸਲਮਾਨ ਫ਼ਕੀਰ ਬੰਦਗੀ ਕਰਦਾ ਸੀ। ਉਸ ਫ਼ਕੀਰ ਨੂੰ ਸਾਰਾ ਜੰਗਲ ਵਾਹਿਗੁਰੂ ਧੁਨ ਵਿੱਚ ਗੂੰਜਦਾ ਸੁਣਾਈ ਦਿੱਤਾ। ਉਸ ਨੇ ਸੋਚਿਆ ਕਿ ਜ਼ਰੂਰ ਕੋਈ ਗੁਰੂ ਨਾਨਕ ਦਾ ਪਿਆਰਾ ਇਸ ਜੰਗਲ ਵਿੱਚ ਉਸਦੀ ਯਾਦ ਵਿੱਚ ਮਸਤ ਹੈ। ਸਵੇਰੇ ਭਾਲ ਕਰਨ 'ਤੇ ਉਸ ਨੂੰ ਸੰਤਾਂ ਦੇ ਦਰਸ਼ਨ ਹੋਏ। ਸੰਤ ਜੀ ਨੂੰ ਸਿਜਦਾ ਕਰਕੇ ਉਸ ਨੇ ਬੇਨਤੀ ਕੀਤੀ ਕਿ ਹਰ ਰੋਜ਼ ਮੇਰੇ ਭੁੱਜੇ ਹੋਏ ਛੋਲਿਆਂ ਦੀ ਸੇਵਾ ਕਬੂਲ ਕਰਿਆ ਕਰੋ। ਸੰਤਾਂ ਨੇ ਇਸ ਸ਼ਰਤ 'ਤੇ ਇੱਕ ਮੁੱਠੀ ਛੋਲੇ ਪਰਵਾਨ ਕੀਤੇ ਕਿ ਉਹ ਮੇਰੀ ਬੰਦਗੀ ਦੇ ਇਸ ਭੇਦ ਨੂੰ ਗੁਪਤ ਰੱਖੇਗਾ। ਫ਼ਕੀਰ ਰੋਜ਼ ਸਾਰੇ ਜੰਗਲ ਦੇ ਜ਼ਰੇ-ਜ਼ਰੇ ਵਿੱਚੋਂ ਵਾਹਿਗੁਰੂ ਦੀ ਧੁਨ ਸੁਣਕੇ ਉਸ ਦਾ ਆਨੰਦ ਆਪਣੇ ਰੋਮ-ਰੋਮ ਵਿੱਚ ਮਾਣਦਾ ਰਿਹਾ ਪਰ ਉਸ ਤੋਂ ਇਹ ਇਲਾਹੀ ਤਾਕਤ ਜਰੀ ਨਾ ਗਈ। ਉਹ ਇਸੇ ਮਸਤੀ ਵਿੱਚ ਸ਼ਹਿਰ ਗਿਆ ਅਤੇ ਸੰਗਤਾਂ ਨੂੰ ਸੰਤਾਂ ਦਾ ਇਹ ਕੌਤਕ ਦੱਸਿਆ। ਸੰਗਤਾਂ ਪਹਿਲੇ ਹੀ ਸੰਤਾਂ ਦੇ ਦਰਸ਼ਨ ਲਈ ਵਿਆਕੁਲ ਹੋ ਕੇ ਢੂੰਢ-ਭਾਲ ਕਰ ਰਹੀਆਂ ਸਨ। ਉਹ ਸੰਤ ਜੀ ਮਹਾਰਾਜ ਨੂੰ ਜੰਗਲ ਵਿੱਚੋਂ ਕੀਰਤਨ ਕਰਦੀਆਂ ਹੋਈਆਂ ਸ਼ਹਿਰ ਵਿੱਚ ਦੀਵਾਨ ਸਜਾਉਣ ਲਈ ਲੈ ਆਈਆਂ।

Dharam Di Kirat | Sakhi - 22 | Sant Attar Singh ji Mastuana Wale23 Oct 202100:02:26

#SantAttarSinghji #Sakhi

ਧਰਮ ਦੀ ਕਿਰਤ

ਸੰਤ ਜੀ ਮਹਾਰਾਜ ਫ਼ੁਰਮਾਉਂਦੇ ਕਿ ਭਾਈ! ਧਰਮ ਦੀ ਕਿਰਤ ਦੇ ਪ੍ਰਸ਼ਾਦੇ ਨਾਲ ਭਜਨ ਵਿੱਚ ਬਿਰਤੀ ਚੰਗੀ ਟਿਕਦੀ ਹੈ। ਇੱਕ ਵਾਰੀ ਧਮਿਆਲ ਪਿੰਡ, ਆਪ ਅਛੋਪ ਹੀ ਬਾਹਰ ਠਹਿਰ ਗਏ ਤੇ ਸੇਵਕਾਂ ਨੂੰ ਮਜ਼ਦੂਰੀ ਕਰਨ ਭੇਜਿਆ। ਸੇਵਕਾਂ ਨੇ ਮਜ਼ਦੂਰਾਂ ਨਾਲੋਂ ਦੂਣਾ ਕੰਮ ਕਰਕੇ ਅੱਧੇ ਦਿਨ ਵਿੱਚ ਹੀ ਸਾਰਾ ਕੰਮ ਪੂਰਾ ਕਰ ਦਿੱਤਾ। ਸ਼ਾਹੂਕਾਰ ਨੇ ਦੁਪਹਿਰ ਨੂੰ ਉਨ੍ਹਾਂ ਦਾ ਕੰਮ ਦੇਖ ਕੇ ਕਿਹਾ, "ਤੁਸੀਂ ਸਾਰੇ ਦਿਨ ਦਾ ਕੰਮ ਅੱਧੇ ਦਿਨ ਵਿੱਚ ਕਰ ਦਿੱਤਾ ਹੈ, ਇਸ ਲਈ ਤੁਸੀਂ ਪੂਰੇ ਦਿਨ ਦੀ ਮਜ਼ਦੂਰੀ ਲਵੋ ਅਤੇ ਜਾਓ। ਪਰ ਸੇਵਕਾਂ ਨੇ ਕਿਹਾ, "ਅਸੀਂ ਸਾਰਾ ਦਿਨ ਮਜ਼ਦੂਰੀ ਕਰਕੇ ਦੂਸਰੇ ਮਜ਼ਦੂਰਾਂ ਜਿੰਨੀ ਹੀ ਦਿਹਾੜੀ ਲੈ ਕੇ ਸ਼ਾਮ ਨੂੰ ਜਾਵਾਂਗੇ"। ਇਸ ਦਾ ਸ਼ਾਹੂਕਾਰ ਦੇ ਮਨ 'ਤੇ ਐਨਾ ਡੂੰਘਾ ਅਸਰ ਹੋਇਆ ਕਿ ਉਸ ਨੇ ਮਹਿਸੂਸ ਕੀਤਾ ਕਿ ਇਹ ਕੋਈ ਮਜ਼ਦੂਰ ਨਹੀਂ, ਬਲਕਿ ਨਾਮ-ਬਾਣੀ ਦੇ ਰਸੀਏ ਹਨ, ਜੋ ਮਜ਼ਦੂਰ ਦੇ ਭੇਸ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਪ੍ਰਸ਼ਾਦਾ ਛਕਦੇ ਹਨ। ਇਨ੍ਹਾਂ ਮਜ਼ਦੂਰੀ ਦੇ ਪੈਸਿਆਂ ਦੀ ਰਸਦ ਦਾ ਪ੍ਰਸ਼ਾਦਾ ਛਕ ਕੇ ਸੰਤ ਜੀ ਬੜੇ ਪ੍ਰਸੰਨ ਹੋਏ ਤੇ ਅਗਲੇ ਦਿਨ ਆਪ ਵੀ ਸੇਵਕਾਂ ਨਾਲ ਮਜ਼ਦੂਰ ਬਣ ਕੇ ਮਜ਼ਦੂਰੀ ਕਰਨ ਗਏ। ਮਕਾਨ-ਮਾਲਕ, ਸੰਤ ਜੀ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਚਰਨੀਂ ਢਹਿ ਪਿਆ ਅਤੇ ਕਿਹਾ, "ਸੱਚੇ ਪਾਤਸ਼ਾਹ! ਆਪ ਮਜ਼ਦੂਰ ਨਹੀਂ ਹੋ। ਮੇਰੇ ਗਰੀਬ 'ਤੇ ਮਿਹਰ ਕਰੋ। ਦਾਸ ਸੇਵਾ ਲਈ ਹਾਜ਼ਰ ਹੈ।" ਪਿੰਡ ਦੀ ਹੋਰ ਸੰਗਤ ਨੇ ਵੀ ਇਹੋ ਬੇਨਤੀ ਕੀਤੀ। ਸੰਤ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਅਤੇ ਕਿਹਾ, "ਚੰਗਾ! ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਘਰਾਂ ਤੋਂ ਪ੍ਰਸ਼ਾਦਾ ਪਹੁੰਚਾ ਦਿਆ ਕਰੋ।" ਸੰਗਤਾਂ ਨੇ ਕਿਹਾ, "ਸਤਿਬਚਨ।"

Fakira Nu Bhuri Hi Thik Hai | Sakhi - 21 | Sant Attar Singh ji Mastuana Wale16 Oct 202100:01:52

#SantAttarSinghji #Sakhi

 ਫ਼ਕੀਰਾਂ ਨੂੰ ਭੂਰੀ ਹੀ ਠੀਕ ਹੈ 

 ਜਿਨ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ (੪੭੩)  

ਬਾਬਾ ਖੇਮ ਸਿੰਘ ਜੀ ਬੇਦੀ ਨੇ ਆਪਣੀ ਲੜਕੀ ਦੀ ਸ਼ਾਦੀ 'ਤੇ ਲੰਗਰ ਦੀ ਰਸਦ ਅਤੇ ਬਹੁਤ ਕੀਮਤੀ ਦੁਸ਼ਾਲੇ ਸੰਤ ਜੀ ਨੂੰ ਭੇਜੇ। ਸੰਤ ਜੀ ਨੇ ਲੰਗਰ ਚਲਾਉਣ ਵਾਸਤੇ ਰਸਦ ਰੱਖ ਲਈ ਪਰ ਦੁਸ਼ਾਲੇ ਮੋੜ ਦਿੱਤੇ ਤੇ ਕਿਹਾ ਕਿ ਫ਼ਕੀਰਾਂ ਨੂੰ ਭੂਰੀ ਹੀ ਠੀਕ ਹੈ। ਬਾਬਾ ਬੇਦੀ ਜੀ ਨੇ ਇਹ ਬਚਨ ਸੁਣ ਪ੍ਰੇਮ ਸਹਿਤ ਕਿਹਾ, "ਜੇ ਇਹ ਭੂਰੀ ਏਸੇ ਤਰ੍ਹਾਂ ਰਹੀ ਤਾਂ ਇਸ ਦਾ ਪ੍ਰਤਾਪ ਬਹੁਤ ਵਧੇਗਾ ਅਤੇ ਇਸ ਦੇ ਅੱਗੇ ਰਾਜੇ-ਮਹਾਰਾਜੇ ਵੀ ਨਿਵਣਗੇ। ਅੱਜ ਭਾਵੇਂ ਇਨ੍ਹਾਂ ਨੇ ਸਾਡੇ ਦੁਸ਼ਾਲੇ ਮੋੜ ਦਿੱਤੇ ਹਨ ਪਰ ਇੱਕ ਦਿਨ ਇਨ੍ਹਾਂ ਦੇ ਚਰਨਾਂ ਵਿੱਚ ਬੜੇ ਸੁੰਦਰ ਦੁਸ਼ਾਲੇ ਰੁਲਦੇ-ਫਿਰਦੇ ਰਹਿਣਗੇ, ਪਰ ਇਹ ਆਪਣੀ ਭੂਰੀ ਵਿੱਚ ਹੀ ਸੰਗਤਾਂ ਨੂੰ ਨਾਮ- ਬਾਣੀ ਜਪਾ ਕੇ ਮਾਣ ਪ੍ਰਾਪਤ ਕਰਨਗੇ।" ਬਾਬਾ ਖੇਮ ਸਿੰਘ ਜੀ ਪੋਠੋਹਾਰ ਵਿੱਚ ਬੜੇ ਹੀ ਮੰਨੇ ਹੋਏ ਮਹਾਪੁਰਸ਼ ਸਨ। ਉਹ ਸੰਤ ਜੀ ਮਹਾਰਾਜ ਦਾ ਬੜਾ ਸਤਿਕਾਰ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਸੰਤ ਜੀ ਦੇ ਚਰਨਾਂ ਵਿੱਚ ਪਦਮ-ਰੇਖਾ ਵੇਖੀ ਸੀ ਅਤੇ ਫ਼ੁਰਮਾਇਆ ਵੀ ਸੀ ਕਿ ਗੁਰਬਾਣੀ ਵਿੱਚ ਜੋ ਗੁਰਮੁੱਖਾਂ ਦੀ ਮਹਿਮਾ ਹੈ, ਉਹ ਸੰਤ ਅਤਰ ਸਿੰਘ ਜੀ ਦੇ ਸਰੂਪ ਵਿੱਚ ਪ੍ਰਤੱਖ ਹੈ।

Santa Di Parikhiya Nahi Leni Chahidi | Sakhi - 20 | Sant Attar Singh ji Mastuana Wale09 Oct 202100:02:11

#SantAttarSinghji #Sakhi #SantSamagam 

ਸੰਤਾਂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ

ਲੂਨੀ ਦਰਿਆ ਤੇ ਕੜਕਦੀ ਧੁੱਪ ਵਿੱਚ ਸੰਤ ਜੀ ਮਹਾਰਾਜ ਅੱਗ ਵਾਂਗ ਤਪਦੀ ਰੇਤ ਉੱਤੇ ਸਮਾਧੀ ਅਸਥਿਤ ਬੈਠੇ ਰਹਿੰਦੇ। ਪਸੀਨੇ ਨਾਲ ਰੇਤ ਭਿੱਜ ਜਾਂਦੀ, ਮਾਨੋ ਨਾਮ-ਰਸ ਦੇ ਫ਼ੁਹਾਰੇ ਇਸ ਧਰਤੀ ਨੂੰ ਪਵਿੱਤਰ ਕਰ ਰਹੇ ਹੋਣ।

ਇੱਕ ਵਾਰੀ ਭਾਈ ਘਨੱਹਈਆ ਲਾਲ ਤੇ ਉਸ ਦੇ ਦੋ ਸਾਥੀਆਂ ਨੂੰ ਇਹ ਸ਼ੰਕਾ ਹੋਇਆ ਕਿ ਸੰਤ ਜੀ ਮਹਾਰਾਜ ਜਪ-ਤਪ ਕਰਦੇ ਵੀ ਹਨ ਕਿ ਨਹੀਂ? ਇਨ੍ਹਾਂ ਨੇ ਗੁਪਤ ਤੌਰ 'ਤੇ ਵਾਰੀ-ਵਾਰੀ ਪਹਿਰਾ ਰੱਖ ਕੇ ਦੇਖਿਆ ਕਿ ਸੰਤ ਜੀ ਸਾਰੀ ਰਾਤ ਇੱਕ-ਰਸ ਸਾਵਧਾਨ ਹੋ ਕੇ ਨਾਮ-ਸਿਮਰਨ ਦੀ ਸਮਾਧੀ ਵਿੱਚ ਲੀਨ ਰਹੇ। ਅੰਮ੍ਰਿਤ ਵੇਲੇ ਇਸ ਪ੍ਰੀਖਿਆ ਦਾ ਐਨਾ ਭਿਆਨਕ ਡਰ ਲੱਗਾ ਕਿ ਉਨ੍ਹਾਂ ਨੇ ਸਵੇਰੇ ਸੰਤ ਜੀ ਪਾਸ ਆ ਕੇ ਚਰਨਾਂ 'ਤੇ ਢਹਿ ਕੇ ਖਿਮਾਂ ਮੰਗਦੇ ਹੋਏ ਕਿਹਾ, "ਅਸੀਂ ਆਪ ਜੀ ਦੀ ਪ੍ਰੀਖਿਆ ਕਰਕੇ ਸਿਰ 'ਤੇ ਬੜਾ ਪਾਪ ਲਿਆ ਹੈ, ਸਾਨੂੰ ਬਖਸ਼ ਲਵੋ"। ਸੰਤ ਜੀ ਨੇ ਬਚਨ ਕੀਤੇ, "ਇਸ ਵਾਰੀ ਤਾਂ ਤੁਸੀਂ ਗੁਰੂ ਤੋਂ ਬਖ਼ਸ਼ੇ ਗਏ ਹੋ ਪਰ ਅੱਗੇ ਤੋਂ ਕਿਸੇ ਵੀ ਆਤਮ-ਦਰਸ਼ੀ ਮਹਾਪੁਰਸ਼ਾਂ ਜਾਂ ਗੁਰਮੁਖਾਂ ਦੀ ਪ੍ਰੀਖਿਆ ਨਹੀਂ ਲੈਣੀ"। ਇਨ੍ਹਾਂ ਤਿੰਨਾਂ ਪ੍ਰੇਮੀਆਂ ਨੂੰ ਬੜਾ ਵੈਰਾਗ ਹੋ ਗਿਆ ਅਤੇ ਅੰਮ੍ਰਿਤ ਛਕ, ਨਾਮ-ਸਿਮਰਨ ਵਿੱਚ ਲੱਗ ਗਏ। ਕੱਲਰ ਦੇ ਰਹਿਣ ਵਾਲੇ ਇੱਕ ਡਾਕੂ ਭਾਈ ਗਨੇਸ਼ਾ ਰਾਮ ਦੇ ਮਨ 'ਤੇ ਵੀ ਸੰਤ ਜੀ ਦੇ ਨਾਮ-ਸਿਮਰਨ ਦਾ ਐਨਾ ਅਸਰ ਹੋਇਆ ਕਿ ਉਹ ਸਾਰੇ ਕੁਕਰਮ ਛੱਡ ਕੇ ਸੇਵਾ ਵਿੱਚ ਲੱਗ ਗਿਆ ਅਤੇ ਗੁਰੂ ਦਾ ਸਿੱਖ ਬਣ ਗਿਆ।

Arshi Pehra | Sakhi - 19 | Sant Attar Singh ji Mastuana Wale02 Oct 202100:01:57

SUBSCRIBED

#SantAttarSinghji #Sakhi #SantSamagam 

ਅਰਸ਼ੀ ਪਹਿਰਾ

ਕਨੋਹੇ ਤੋਂ ਸੰਤ ਜੀ ਮਹਾਰਾਜ ਲੂਨੀ ਵਿੱਚ ਗਏ ਅਤੇ ਦਰਿਆ ਦੇ ਤਪਦੇ ਰੇਤੇ ਉੱਤੇ ਸਾਰੀਆਂ ਗਰਮੀਆਂ ਅਤੁੱਟ ਸਿਮਰਨ ਕੀਤਾ। ਇਸ ਭਾਰੀ ਤਪੱਸਿਆ ਦੇ ਸਮੇਂ ਕਈ ਪ੍ਰੇਮੀਆਂ ਨੇ ਰਾਤ ਨੂੰ ਕਈ ਵਾਰ ਸੰਤ ਜੀ ਮਹਾਰਾਜ ਦੇ ਇਰਦ-ਗਿਰਦ ਅਰਸ਼ੀ ਪਹਿਰੇ ਦੇ ਦਰਸ਼ਨ ਕੀਤੇ। ਜਿਸ ਵਿੱਚ ਸਨੱਦ-ਬੱਧ (ਸ਼ਸਤਰ-ਧਾਰੀ ਸੂਰਬੀਰ) ਨੂਰਾਨੀ ਚਿਹਰੇ ਵਾਲੇ ਸੂਰਬੀਰ ਨਜ਼ਰ ਆਏ। ਉਨ੍ਹਾਂ ਪ੍ਰੇਮੀਆਂ ਨੇ ਸੰਤਾਂ ਨੂੰ ਬੇਨਤੀ ਕੀਤੀ, "ਸਾਨੂੰ ਤਾਂ ਭਾਸਦਾ ਹੈ ਕਿ ਕਲਗੀਧਰ ਪਾਤਸ਼ਾਹ ਆਪ ਜੀ ਦੀ ਰਾਖੀ ਕਰਦੇ ਹਨ"। ਇਹ ਗੱਲ ਸੁਣ ਕੇ ਸੰਤ ਜੀ ਨੇ ਫੁਰਮਾਇਆ,"ਭਾਈ! ਸ੍ਰੀ ਕਲਗੀਧਰ ਪਾਤਸ਼ਾਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਸਨ, ਉਨ੍ਹਾਂ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ। ਹਾਂ, ਉਨ੍ਹਾਂ ਦੀਆਂ ਸ਼ਹੀਦੀ ਫ਼ੌਜਾਂ ਤਾਂ ਜ਼ਰੂਰ ਗਰੀਬ ਦਾਸਾਂ ਦੀ ਰਾਖੀ ਕਰਦੀਆਂ ਹਨ ਤੇ ਜੇ ਕੋਈ ਉਪਦੇਸ਼ ਹੋਰ ਤੇ ਕਮਾਈ ਹੋਰ ਕਰੇ ਤਾਂ ਤਾੜਨਾ ਵੀ ਕਰਦੀਆਂ ਹਨ।" ਅਰਸ਼ੀ ਪਹਿਰੇ ਦੇ ਦਰਸ਼ਨ ਹੋਰ ਸੇਵਕਾਂ ਨੂੰ ਵੀ ਕਈ ਵਾਰ ਹੁੰਦੇ ਸਨ। ਜਿੰਨੇ ਵੀ ਆਤਮ-ਦਰਸ਼ੀ ਮਹਾਂਪੁਰਸ਼ ਹੁੰਦੇ ਹਨ, ਉਨ੍ਹਾਂ ਦੇ ਇਰਦ-ਗਿਰਦ ਅਕਾਲ ਪੁਰਖ ਵਲੋਂ ਅਰਸ਼ੀ ਪਹਿਰਾ ਹੁੰਦਾ ਹੈ, ਤਾਂ ਜੋ ਨਾਮ-ਬਾਣੀ ਜਪ ਕੇ ਮਾਨਵਤਾ ਦੀ ਸੇਵਾ ਅਕਾਲ ਪੁਰਖ ਦੇ ਹੁਕਮ ਵਿੱਚ ਕਰ ਸਕਣ।

Gurbani Di Shakti Da Jal Te Asar | Sakhi - 18 | Sant Attar Singh ji Mastuana Wale25 Sep 202100:02:29

#SantAttarSinghji #Sakhi #SantSamagam 

ਗੁਰਬਾਣੀ ਦੀ ਸ਼ਕਤੀ ਦਾ ਜਲ 'ਤੇ ਅਸਰ

ਭਾਈ ਵਜ਼ੀਰ ਸਿੰਘ ਜੀ ਦੇ ਘਰ ਦੇ ਬੂਹੇ ਅੱਗੇ ਇੱਕ ਕੱਚੀ ਖੂਹੀ ਸੀ, ਜਿਸ ਦਾ ਪਾਣੀ ਕੌੜਾ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹੱਥ ਵਿੱਚ ਪਾਣੀ ਲੈ ਕੇ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਕੇ ਖੂਹੀ ਦੇ ਪਾਣੀ ਵਿੱਚ ਸੁੱਟ ਦਿੱਤਾ ਅਤੇ ਆਖਿਆ, "ਇਹ ਖੂਹ ਬਣਾਓ, ਪਾਣੀ ਮਿੱਠਾ ਨਿਕਲੇਗਾ।" ਭਾਈ ਵਜ਼ੀਰ ਸਿੰਘ ਤੇ ਮਾਈ ਭਾਗਭਰੀ ਨੇ ਬਚਨ ਮੰਨ ਕੇ ਮਜ਼ਦੂਰ ਲਾ ਦਿੱਤੇ। ਗੁਰਬਾਣੀ ਦੀ ਬਖਸ਼ਿਸ਼ ਨਾਲ ਬੜਾ ਨਿਰਮਲ ਤੇ ਮਿੱਠਾ ਪਾਣੀ ਨਿਕਲਿਆ। ਇਹ ਖੂਹ ਅੱਜ ਤਕ ਭਾਈ ਵਜ਼ੀਰ ਸਿੰਘ ਦੇ ਘਰ ਅੱਗੇ ਮੌਜੂਦ ਹੈ।

ਅੱਜ ਜਪਾਨ ਦੇ ਸਾਂਈਸਦਾਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਕਰ ਪਾਣੀ ਵਿੱਚ ਭੈੜੇ ਬੋਲ ਬੋਲਾਂਗੇ ਤਾਂ ਉਸ ਦੇ ਸੂਖਸ਼ਮ ਕਰਿਸਟਲ ਇਹੋ ਜਿਹੇ ਬਣ ਜਾਣਗੇ, ਜਿਸ ਨਾਲ ਸਰੀਰ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਜੇ ਕਰ ਪਾਣੀ ਵਿੱਚ ਸ਼ੁਭ ਬੋਲ ਬੋਲਾਂਗੇ, ਜਿਵੇਂ ਕਿ ਬਾਣੀ ਜਾਂ ਪ੍ਰਭੂ ਦਾ ਸਿਮਰਨ ਕਰਾਂਗੇ ਤਾਂ ਉਸ ਵਿੱਚ ਸੂਖਸ਼ਮ ਕਰਿਸਟਲ ਬਣਨਗੇ, ਜੋ ਸਰੀਰ ਨੂੰ ਨਿਰੋਗ ਕਰ ਸਕਦੇ ਹਨ। ਇਸੇ ਤਰ੍ਹਾਂ ਨਿਰਾ ਪਤਾਸਿਆਂ ਦਾ ਪਾਣੀ ਮਿੱਠਾ ਹੀ ਹੋ ਸਕਦਾ ਹੈ, ਪਰ ਜਦੋਂ ਉਸ ਵਿੱਚ ਇਕਾਗਰ-ਚਿੱਤ ਹੋ ਕੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਹ ਬਾਣੀਆਂ ਪਾਣੀ ਵਿੱਚ ਪ੍ਰਵੇਸ਼ ਕਰਕੇ ਉਸ ਨੂੰ ਅੰਮ੍ਰਿਤ ਬਣਾ ਦਿੰਦੀਆਂ ਹਨ।

ਇੱਕ ਸਾਲ ਮੀਂਹ ਨਾ ਪੈਣ ਕਰਕੇ ਕਨੋਹੇ ਦੇ ਲੋਕ ਬੜੇ ਤੰਗ ਸਨ। ਸਾਰਿਆਂ ਦੇ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਹਲ ਜੋੜੇ। ਬਾਣੀ ਪੜ੍ਹਦਿਆਂ ਹੋਇਆਂ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਅਜੇ ਹਲ ਦਾ ਇੱਕ ਸਿਆੜ ਹੀ ਕੱਢਿਆ ਸੀ ਕਿ ਬੜੇ ਜ਼ੋਰ ਦਾ ਮੀਂਹ ਵੱਸਿਆ ਅਤੇ ਲੋਕਾਂ ਨੂੰ ਰਾਹਤ ਮਿਲੀ:

ਮੀਹੁ ਪਇਆ ਪਰਮੇਸਰਿ ਪਾਇਆ ॥ ਜੀਅ ਜੰਤ ਸਭਿ ਸੁਖੀ ਵਸਾਇਆ॥ (੧੦੫)

Langar Vich Gupat Rasad | Sakhi - 17 | Sant Attar Singh ji Mastuana Wale18 Sep 202100:02:17

#SantAttarSinghji #Sakhi #SantSamagam 

ਲੰਗਰ ਵਿੱਚ ਗੁਪਤ ਰਸਦ

ਦਮਦਮਾ ਸਾਹਿਬ ਇੱਕ ਪ੍ਰੇਮੀ ਬਾਜਰੇ ਦਾ ਗੱਡਾ ਲੱਦ ਕੇ ਲੰਗਰ ਲਈ ਲਿਆਇਆ। ਸੰਤ ਜੀ ਮਹਾਰਾਜ ਨੇ ਉਸ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਸ ਪ੍ਰੇਮੀ ਨੇ ਕਿਹਾ, "ਮਹਾਰਾਜ, ਰੋਟੀ ਘਰ ਜਾ ਕੇ ਹੀ ਖਾਵਾਂਗੇ"। ਸੰਤ ਜੀ ਨੇ ਫਿਰ ਕਿਹਾ, "ਪ੍ਰੇਮੀਆ, ਗੁਰੂ ਕਾ ਲੰਗਰ ਹੈ, ਜ਼ਰੂਰ ਛਕ ਕੇ ਜਾਣਾ"। ਉਸ ਪ੍ਰੇਮੀ ਨੇ ਫਿਰ ਅੱਗੋਂ ਜਵਾਬ ਦਿੱਤਾ, "ਨਹੀਂ ਮਹਾਰਾਜ, ਘਰ ਜਾ ਕੇ ਹੀ ਖਾਵਾਂਗੇ"। ਤੀਸਰੀ ਵਾਰੀ ਫਿਰ ਸੰਤਾਂ ਨੇ ਕਿਹਾ ਕਿ ਗੁਰੂ ਕਾ ਲੰਗਰ ਛਕਣਾ ਚਾਹੀਦਾ ਹੈ ਤਾਂ ਉਸ ਨੇ ਕਿਹਾ, "ਮਹਾਰਾਜ! ਇਹ ਰੁੱਖੇ-ਸੁੱਕੇ ਪ੍ਰਸ਼ਾਦੇ ਸਾਡੇ ਗਲੇ ਤੋਂ ਅੰਦਰ ਨਹੀਂ ਲੰਘਦੇ"।

ਸੰਤ ਜੀ ਨੇ ਇਹ ਵਿਚਾਰਿਆ ਕਿ ਇਹ ਗੁਰੂ ਕੇ ਲੰਗਰ ਦੀ ਨਿੰਦਾ ਕਰਦਾ ਹੈ, ਉਸੇ ਵੇਲੇ ਲੰਗਰ ਵਿੱਚੋਂ ਦੋ ਪ੍ਰਸ਼ਾਦੇ ਮੰਗਵਾ ਕੇ ਉਸ ਦੇ ਹੱਥਾਂ ਉੱਤੇ ਸੁਕੀਆਂ ਰੋਟੀਆਂ ਵਿੱਚੋਂ ਘਿਓ ਨਿਚੋੜ ਕੇ ਦਿਖਾਇਆ ਤੇ ਤਾੜਨਾ ਕਰਕੇ ਕਿਹਾ ਕਿ ਫਿਰ ਗੁਰੂ ਕੇ ਲੰਗਰ ਦੀ ਨਿੰਦਾ ਨਹੀਂ ਕਰਨੀ, ਕਿਉਂਕਿ ਲੰਗਰ ਵਿੱਚ ਸਵਾ ਮਣ (੫੦ ਕਿੱਲੋ) ਘਿਓ ਗੁਪਤ ਰੂਪ ਵਿੱਚ ਪੈਂਦਾ ਹੈ, ਜਿਸ ਨੂੰ ਸਾਡੀਆਂ ਦੁਨਿਆਵੀ ਅੱਖਾਂ ਨਹੀਂ ਦੇਖ ਸਕਦੀਆਂ। ਗੁਰਦੁਆਰਿਆਂ ਵਿੱਚ ਨਾਮ-ਬਾਣੀ ਸਿਮਰਨ ਕਰਨ ਨਾਲ ਬਾਣੀ ਲੰਗਰ ਵਿੱਚ ਪ੍ਰਵੇਸ਼ ਕਰਦੀ ਹੈ, ਜਿਸ ਕਰਕੇ ਲੰਗਰ ਸੁਆਦ ਅਤੇ ਬਰਕਤ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਘਰਾਂ ਵਿੱਚ ਬੀਬੀਆਂ ਲੰਗਰ ਬਣਾਉਣ ਸਮੇਂ ਪਾਠ ਕਰਦੀਆਂ ਹਨ, ਉਹ ਲੰਗਰ ਸੁਆਦ ਤੇ ਬਰਕਤ ਵਾਲਾ ਹੁੰਦਾ ਹੈ:

ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ (੧੮੬)

Akaal Purakh Sarab Viyapi Hai | Sakhi - 61 | Sant Attar Singh Ji Mastuana Wale10 Sep 202200:01:38

#SantAttarSinghji #Sakhi 

ਅਕਾਲ ਪੁਰਖ ਸਰਬ ਵਿਆਪੀ ਹੈ  ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੰਤ ਗਿਆਨੀ ਸੁੰਦਰ ਸਿੰਘ ਜੀ (ਭਿੰਡਰਾਂ ਵਾਲਿਆਂ) ਨੇ ਪੁੱਛਿਆ, "ਸੱਚੇ ਪਾਤਸ਼ਾਹ! ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੀਵ ਚੰਦਰਮਾਂ ਦੀ ਕਿਰਨ ਜਾਂ ਬੱਦਲ ਦੀ ਧਾਰ ਦੁਆਰਾ ਧਰਤੀ 'ਤੇ ਆ ਕੇ ਅਨਾਜ ਰੂਪ ਹੋ ਜਾਂਦਾ ਹੈ। ਫੇਰ ਇਸ ਤੇ ਇਸਤਰੀ-ਪੁਰਖਾਂ ਦੇ ਖਾਣੇ ਤੇ ਰੱਤ ਜਾਂ ਧਾਤ ਰੂਪ ਹੋ ਕੇ ਦੇਹਾਕਾਰ ਹੁੰਦਾ ਹੈ। ਇਸ ਬਾਰੇ ਵਿੱਚਾਰ ਦੱਸੋ।" ਸੰਤ ਜੀ ਨੇ ਫ਼ੁਰਮਾਇਆ, "ਗਿਆਨੀ ਸਿੰਘ ਜੀ, ਜਿਵੇਂ ਅਕਾਸ਼ ਸਾਰੇ ਸਥਾਨਾਂ ਵਿੱਚ ਹੈ ਪਰ ਜਿੱਥੇ ਕੰਧਾਂ ਕੱਢ ਕੇ ਛੱਤ ਦੇਈਏ, ਉੱਥੇ ਉਸ ਦਾ ਨਾਮ ਮਟਾਕਾਸ਼ (ਅਥਵਾ ਮਿੱਟੀ ਦੀਆਂ ਕੰਧਾਂ ਵਿੱਚ ਘਿਰਿਆ ਹੋਇਆ ਆਕਾਸ਼) ਪੈ ਜਾਂਦਾ ਹੈ। ਇਸੇ ਤਰ੍ਹਾਂ ਹੀ ਅਬਿਨਾਸ਼ੀ ਅਕਾਲ ਪੁਰਖ ਸਾਰੇ ਵਿਆਪਕ ਹੈ। ਰਕਤ-ਬਿੰਦ ਵੀ ਉਸੇ ਦੇ ਆਸਰੇ ਕਾਇਮ ਹੈ ਅਤੇ ਦੇਹ ਬਣ ਜਾਂਦੀ ਹੈ। ਮਾਤਾ ਦੇ ਗਰਭ ਵਿੱਚ ਵੀ ਅਤੇ ਨਵੇਂ ਜੀਵ ਵਿੱਚ ਵੀ ਖਾਲਕ ਹੈ। ਸਾਰੇ ਵਿਆਪਕ ਹੋਣ ਕਰਕੇ ਕਿਤੋਂ ਆਉਂਦਾ ਨਹੀਂ। ਕੇਵਲ ਦੇਹੀ ਬਣਨ ਕਰਕੇ 'ਜੀਵ' ਨਾਮ ਪੈ ਜਾਂਦਾ ਹੈ":  

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ (੧੪੨੭)

Langar Vich Baani Padan Di Barkat | Sakhi - 16 | Sant Attar Singh ji Mastuana Wale11 Sep 202100:01:42

#SantAttarSinghji #Sakhi #SantSamagam 

ਲੰਗਰ ਵਿੱਚ ਬਾਣੀ ਪੜ੍ਹਨ ਦੀ ਬਰਕਤ  ਕਈ ਵਾਰ ਪ੍ਰੇਮੀ ਸੰਤ ਅਤਰ ਸਿੰਘ ਜੀ ਨੂੰ ਲੰਗਰ ਛਕਾਉਣ ਲਈ ਆਪਣੇ ਘਰਾਂ ਵਿੱਚ ਬੁਲਾਉਂਦੇ। ਉਹ ਸੰਤਾਂ ਅਤੇ ਹੋਰ ਚਾਰ-ਪੰਜ ਸੇਵਾਦਾਰਾਂ ਵਾਸਤੇ ਲੰਗਰ ਤਿਆਰ ਕਰ ਲੈਂਦੇ ਪਰ ਜਦੋਂ ਸੰਤ ਜੀ ਲੰਗਰ ਛਕਣ ਜਾਂਦੇ ਤਾਂ ਉਨ੍ਹਾਂ ਨਾਲ ਸੰਗਤਾਂ ਦੇ ੫੦-੬੦ ਤੋਂ ਵੀ ਵੱਧ ਸਰੀਰ ਹੁੰਦੇ। ਇੰਨੀ ਸੰਗਤ ਵੇਖ ਕੇ ਘਰ ਵਾਲੇ ਘਬਰਾ ਕੇ ਸੰਤ ਜੀ ਨੂੰ ਪੁੱਛਦੇ ਕਿ ਮਹਾਰਾਜ ਲੰਗਰ ਤਾਂ ਚਾਰ-ਪੰਜ ਸਰੀਰਾਂ ਦਾ ਹੀ ਹੈ, ਹੁਕਮ ਹੋਵੇ ਤਾਂ ਹੋਰ ਤਿਆਰ ਕਰ ਲਈਏ। ਸੰਤ ਜੀ ਬਚਨ ਕਰਦੇ ਕਿ ਭਾਈ ਲੰਗਰ ਨੂੰ ਸਫੈਦ ਕਪੜੇ ਨਾਲ ਢੱਕ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ:

ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲ ॥ 

ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥ (੧੪੨੬)

ਦੇ ਸ਼ਬਦ ਦਾ ਪਾਠ ਕਰੀ ਜਾਓ ਅਤੇ ਬਿਨਾਂ ਦੇਖੇ ਅੰਦਰੋਂ ਲੰਗਰ ਕੱਢ ਕੇ ਵਰਤਾਈ ਜਾਓ, ਗੁਰੂ ਸਾਹਿਬ ਲੰਗਰ ਵਿੱਚ ਕਦੇ ਵੀ ਤੋਟ ਨਹੀਂ ਆਉਣ ਦੇਣਗੇ। ਇਸ ਤਰ੍ਹਾਂ ਕਰਨ ਨਾਲ ਸਾਰੀ ਸੰਗਤ ਲੰਗਰ ਛਕ ਵੀ ਲੈਂਦੀ ਅਤੇ ਫਿਰ ਵੀ ਲੰਗਰ ਬਚ ਜਾਂਦਾ।

Sangta Di Khich | Sakhi - 15 | Sant Attar Singh ji Mastuana Wale04 Sep 202100:01:44

#SantAttarSinghji #Sakhi #SantSamagam 

ਸੰਗਤਾਂ ਦੀ ਖਿੱਚ  

ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਨਾਨਕੁ ਤਿਨ ਕੈ ਸੰਗਿ ਤਰਾਇਆ॥ (੧੩੪੮)

ਸੰਤ ਅਤਰ ਸਿੰਘ ਜੀ ਦੀ ਪਵਿੱਤਰ ਸੋਅ ਕਨੋਹੇ (ਪਾਕਿਸਤਾਨ) ਇਲਾਕੇ ਵਿੱਚ ਬਹੁਤ ਫੈਲ ਗਈ। ਸੰਗਤਾਂ ਦਰਸ਼ਨ ਲਈ ਖਿੱਚੀਆਂ ਆਉਣ ਲੱਗ ਪਈਆਂ। ਸ਼ਬਦ-ਕੀਰਤਨ ਹੋਣ ਲੱਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ। ਭਾਈ ਪ੍ਰੇਮ ਸਿੰਘ, ਭਾਈ ਬਾਜ ਸਿੰਘ, ਭਾਈ ਕਲਿਆਣ ਸਿੰਘ, ਭਾਈ ਬੂਟਾ ਸਿੰਘ ਅਤੇ ਹੋਰ ਬੇਅੰਤ ਪ੍ਰੇਮੀ ਸੇਵਾ ਵਿੱਚ ਆ ਜੁੜੇ। ਇੱਥੇ ਹੀ ਬਾਬਾ ਖੇਮ ਸਿੰਘ ਜੀ ਬੇਦੀ ਨੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ। ਇੱਕ ਦਿਨ ਸੰਤ ਜੀ ਭੂਰੀ ਲਈ ਲੇਟੇ ਹੋਏ ਸਨ। ਬਾਬਾ ਜੀ ਨੇ ਉਨ੍ਹਾਂ ਦੇ ਚਰਨਾਂ ਦੀ ਪਦਮ-ਰੇਖਾ ਦੇਖ ਕੇ ਆਪਣੇ ਸੇਵਕਾਂ ਨੂੰ ਕਿਹਾ ਕਿ ਇਹ ਇੰਨੀ ਉੱਚੀ ਪਦਵੀ ਵਾਲਾ ਸਾਧ, ਜੋ ਇਸ ਵਕਤ ਜੰਗਲ ਵਿੱਚ ਲੇਟਿਆ ਹੋਇਆ ਹੈ, ਇਸ ਨੇ ਵਕਤ ਪਾ ਕੇ, ਨਾਮ-ਬਾਣੀ ਜਪਾ ਕੇ, ਦੁਨੀਆਂ ਨੂੰ ਤਾਰਨ ਵਾਲਾ ਬਹੁਤ ਵੱਡਾ ਮਹਾਪੁਰਸ਼ ਬਣਨਾ ਹੈ। ਇਸ ਅੱਗੇ ਰਾਜੇ-ਮਹਾਰਾਜੇ ਵੀ ਝੁਕਣਗੇ।

Is Da Naa Hai Sewa | Sakhi - 14 | Sant Attar Singh ji Mastuana Wale28 Aug 202100:03:22

#SantAttarSinghji #Sakhi #SantSamagam 

ਇਸ ਦਾ ਨਾਂ ਹੈ ਸੇਵਾ

ਮਾਈ ਭਾਗਭਰੀ ਨੇ ਕਨੋਹੇ ਸਿਮਰਨ ਸਮੇਂ ਸੰਤ ਜੀ ਦੀ ਅਣਥੱਕ ਸੇਵਾ ਕੀਤੀ। ਮਾਈ ਦਾ ਛੋਟਾ ਲੜਕਾ ਬੇਅੰਤ ਸਿੰਘ, ਜੋ ਤਿੰਨ ਸਾਲ ਦਾ ਸੀ, ਬਹੁਤ ਬਿਮਾਰ ਸੀ। ਜਦ ਸੰਤ ਜੀ ਸੰਗਤ ਨਾਲ ਪ੍ਰਸ਼ਾਦਾ ਛਕਣ ਲਈ ਭਾਈ ਵਜ਼ੀਰ ਸਿੰਘ ਦੇ ਘਰ ਗਏ ਤਦ ਭੁਝੰਗੀ ਦੇ ਸੁਆਸ ਮਾਈ ਦੀ ਝੋਲੀ ਵਿੱਚ ਨਿਕਲ ਚੁੱਕੇ ਸਨ। ਮਾਈ ਨੇ ਝੋਲੀ ਘੁੱਟ ਲਈ ਤੇ ਜਰਾ ਵੀ ਉਘ-ਸੁਘ ਨਾ ਨਿਕਲਣ ਦਿੱਤੀ ਅਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਈ। ਫਿਰ ਮਾਈ ਭਾਗਭਰੀ ਨੇ ਆਪਣੀ ਨਨਾਣ, ਜੋ ਰੋਟੀ ਪਕਾ ਰਹੀ ਸੀ, ਉਸ ਨੂੰ ਤੇ ਭਾਈ ਵਜ਼ੀਰ ਸਿੰਘ ਨੂੰ ਸੰਤਾਂ ਅਤੇ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਸੰਤ ਜੀ ਨੇ ਮਾਈ ਤੋਂ ਕਾਕੇ ਦਾ ਹਾਲ ਪੁੱਛਿਆ। ਮਾਈ ਨੇ ਕਿਹਾ ਕਿ ਆਪ ਜਾਣੀ-ਜਾਣ ਹੋ ਅਤੇ ਕਾਕੇ ਦਾ ਮੁਰਦਾ ਸਰੀਰ ਮੰਜੀ 'ਤੇ ਲਿਟਾ ਦਿੱਤਾ। ਸੰਤ ਜੀ ਮਹਾਰਾਜ ਦੇ ਮੁੱਖ ਤੋਂ ਇਹ ਬਚਨ ਨਿਕਲਿਆ, "ਇਸ ਦਾ ਨਾਂ ਹੈ 'ਇਲਾਹੀ ਸੇਵਾ'":

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ 

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ (੬੪੭) 

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ (੧)

ਇੱਕ ਵਾਰ ਸੰਤ ਅਤਰ ਸਿੰਘ ਜੀ ਨੇ ਮਾਈ ਭਾਗਭਰੀ ਨੂੰ ਕਿਹਾ ਕਿ ਅਸੀਂ ਪੁਲਾਹੀਆਂ ਦੇ ਦਰਖਤਾਂ ਹੇਠ ਹੀ ਕਿਤੇ ਬੈਠੇ ਹੋਵਾਂਗੇ, ਸਾਡਾ ਪ੍ਰਸ਼ਾਦਾ ਉੱਥੇ ਲੈ ਆਉਣਾ। ਮਾਈ ਨੇ ਚਤੁਰਾਈ ਅਤੇ ਸਿਆਣਪ ਦੀ ਮਤ ਦੇ ਅਧੀਨ ਹੋ ਕੇ ਕਿਹਾ, "ਮਹਾਰਾਜ ਜੀ! ਤੁਸੀਂ ਫ਼ਿਕਰ ਨਾ ਕਰੋ, ਮੈਂ ਆਪੇ ਹੀ ਲੋੜ (ਲੱਭ) ਲੈਸਾਂ।" ਅਗਲੇ ਦਿਨ ਪ੍ਰਸ਼ਾਦਾ ਲਿਆ ਕੇ ਮਾਈ ਨੇ ਸੰਤਾਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸੰਤ ਜੀ ਨਜ਼ਰ ਨਹੀਂ ਆਏ। ਉਸ ਨੇ ਬੜੇ ਹੀ ਪ੍ਰੇਮ ਅਤੇ ਨਿਮਰਤਾ-ਸਹਿਤ ਖੜ੍ਹੇ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, "ਸੱਚੇ ਪਾਤਿਸ਼ਾਹ! ਆਪ ਜੀ ਦੇ ਗੁਰਮੁੱਖਾਂ ਦੀ ਅਸੀਂ ਅਲਪਗ ਜੀਵ ਬਰਾਬਰੀ ਨਹੀਂ ਕਰ ਸਕਦੇ। ਆਪ ਹੀ ਬਖਸ਼ਿਸ਼ ਕਰੋ।" ਅਰਦਾਸ ਉਪਰੰਤ ਜਦੋਂ ਮਾਈ ਨੇ ਨੇਤਰ ਖੋਲ੍ਹੇ ਤਾਂ ਸੰਤ ਜੀ ਉਸੇ ਜਗ੍ਹਾ 'ਤੇ ਹੀ ਨਜ਼ਰ ਆਏ। ਸੰਤਾਂ ਨੇ ਸਹਿਜ-ਸੁਭਾਇ ਮੁਸਕਰਾ ਕੇ ਕਿਹਾ ਕਿ ਅਸੀਂ ਤਾਂ ਇੱਥੇ ਹੀ ਸੀ, ਤੁਸੀਂ ਕਿੱਥੇ ਲੱਭਦੇ ਸੀ। ਮਾਈ ਨੇ ਬੇਨਤੀ ਕੀਤੀ ਕਿ ਇਹੋ ਜਿਹੇ ਇਲਾਹੀ ਕੌਤਕ ਸਾਡੀ ਅਕਲ ਸਮਝ ਤੋਂ ਬਹੁਤ ਪਰ੍ਹੇ ਹਨ:

ਚਤੁਰਾਈ ਨ ਚਤੁਰਭੁਜੁ ਪਾਈਐ ॥ ਭੋਲੇ ਭਾਇ ਮਿਲੇ ਰਘੁਰਾਇਆ ॥ (੩੨੪)

Kanoha Vikhe Atut Simran | Sakhi - 13 | Sant Attar Singh ji Mastuana Wale21 Aug 202100:01:58

SUBSCRIBED

#SantAttarSinghji #Sakhi #SantSamagam 

ਕਨੋਹਾ ਵਿਖੇ ਅਤੁੱਟ ਸਿਮਰਨ  

ਸੰਨ ੧੮੯੪ ਵਿੱਚ ਸੰਤ ਅਤਰ ਸਿੰਘ ਜੀ ਨੇ ਸੰਤ ਰਾਮ ਸਿੰਘ ਜੀ ਥਮ੍ਹਾਲੀ ਵਾਲਿਆਂ ਦੀ ਤੀਬਰ ਖਿੱਚ ਕਰਕੇ, ਕਨੋਹੇ ਪਿੰਡ ਪਾਸ ਇੱਕ ਬੜੇ ਭਾਰੀ ਸੱਪਾਂ ਵਾਲੇ ਜੰਗਲ ਵਿੱਚ ਨਾਮ-ਬਾਣੀ ਦਾ ਜਪ-ਤਪ ਆਰੰਭ ਕਰ ਦਿੱਤਾ, ਇਸ ਦਾ ਮਾਲਕ ਭਾਈ ਵਜ਼ੀਰ ਸਿੰਘ ਸੀ। ਭਾਈ ਵਜ਼ੀਰ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਮਾਈ ਭਾਗਭਰੀ ਦੇ ਪ੍ਰੇਮ-ਭਰੀ ਵੈਰਾਗਮਈ ਬੇਨਤੀ ਕਰਨ 'ਤੇ ਸੰਤ ਜੀ ਮਹਾਰਾਜ ਨੇ ਗੁਰਦੁਆਰਾ ਸਾਹਿਬ ਵਿੱਚ ਉੱਚੀ ਅਤੇ ਮਨਮੋਹਣੀ ਆਵਾਜ਼ ਵਿੱਚ ਲਗਾਤਾਰ ਇੱਕ-ਰਸ ਬਾਣੀ ਪੜ੍ਹ ਕੇ ਅਖੰਡ ਪਾਠ ਦਾ ਭੋਗ ਆਪ ਹੀ ਪਾਇਆ। ਇਸ ਸਮੇਂ ਸੰਤ ਜੀ ਬਹੁਤ ਹੀ ਘੱਟ ਗੱਲ-ਬਾਤ ਕਰਦੇ। ਸ੍ਰੀ ਅਖੰਡ ਪਾਠ ਉਪਰੰਤ ਝੰਗੀ ਵਿੱਚ ਪਹਿਲਾਂ ੪੦ ਦਿਨ ਬਿਨਾਂ ਕੁਝ ਖਾਧੇ-ਪੀਤੇ ਇੱਕ-ਰਸ ਸਮਾਧੀ-ਸਥਿਤ ਸਿਮਰਨ ਕੀਤਾ, ਫਿਰ ਛੇ ਮਹੀਨੇ ਅਤੇ ਉਪਰੰਤ ਇੱਕ ਸਾਲ ਪ੍ਰਭੂ ਦੇ ਨਾਮ ਵਿੱਚ ਲੀਨ ਹੋਏ ਸਮਾਧੀ-ਸਥਿਤ ਰਹੇ। ਉਸ ਝੰਗੀ ਵਿੱਚ ਬੜੇ ਭਿਆਨਕ ਸੱਪ ਰਹਿੰਦੇ ਸਨ, ਜਿਸ ਦੇ ਡਰ ਤੋਂ ਉੱਥੇ ਕੋਈ ਵੀ ਵਿਅਕਤੀ ਨਹੀਂ ਸੀ ਆਉਂਦਾ, ਜਿਸ ਕਰਕੇ ਸੰਤਾਂ ਦੇ ਇਕਾਂਤ-ਸਿਮਰਨ ਵਿੱਚ ਵਿਘਨ ਨਹੀਂ ਸੀ ਪੈਂਦਾ। ਭਾਈ ਵਜ਼ੀਰ ਸਿੰਘ ਅਤੇ ਮਾਈ ਭਾਗਭਰੀ ਨੇ ਸੰਤ ਜੀ ਮਹਾਰਾਜ ਦੀ ਅਤੁੱਟ ਸੇਵਾ ਕੀਤੀ।

© My Podcast Data · Independent project · Data from Apple & Spotify