#Sakhi #SantAttarSinghJi
ਸਿੱਧੀਆਂ ਧਾਰਨਾਂ
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ (੧੦੨)
ਸੰਤ ਅਤਰ ਸਿੰਘ ਜੀ ਮਹਾਰਾਜ ਧੰਨ ਪੋਠੋਹਾਰ ਵਿੱਚ ਰਾਗਾਂ ਵਿੱਚ ਹੀ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉੱਥੋਂ ਦੇ ਸਿੱਖ ਰਾਗਾਂ ਨੂੰ ਸਮਝਦੇ ਸਨ। ਜਦੋਂ ਸੰਤ ਜੀ ਮਾਲਵੇ ਵਿੱਚ ਆਏ ਤਾਂ ਇੱਥੋਂ ਦੇ ਲੋਕ ਰਾਗਾਂ ਬਾਰੇ ਕੁਝ ਨਹੀਂ ਸੀ ਜਾਣਦੇ। ਜਦੋਂ ਵੀ ਕੋਈ ਧਾਰਮਿਕ ਦੀਵਾਨ ਹੁੰਦਾ ਅਤੇ ਕੋਈ ਰਾਗੀ ਰਾਗਾਂ ਵਿੱਚ ਕੀਰਤਨ ਕਰਦੇ ਤਾਂ ਮਾਲਵੇ ਦੇ ਲੋਕ ਕੁਝ ਨਹੀਂ ਸਮਝਦੇ ਸਨ ਅਤੇ ਉੱਠ ਕੇ ਚਲੇ ਜਾਂਦੇ ਸਨ। ਮਾਲਵੇ ਦੇ ਜਿਆਦਾਤਰ ਲੋਕ ਮੜ੍ਹੀ, ਮਸਾਣ, ਕਬਰਾਂ, ਖੁਆਜਾ ਅਤੇ ਗੁੱਗੇ-ਪੀਰਾਂ ਨੂੰ ਪੂਜਦੇ ਸਨ। ਉਹ ਲੋਕ ਬੜੀਆਂ ਹੀ ਗੰਦੀਆਂ ਬੋਲੀਆਂ ਵਿੱਚ ਆਪਣੀਆਂ ਹੀ ਬਣਾਈਆਂ ਧਾਰਨਾਂ ਵਿੱਚ ਗੰਦੇ ਗੀਤ ਗਾਉਂਦੇ ਸਨ। ਸੰਤ ਜੀ ਮਹਾਰਾਜ ਨੇ ਆਪਣੇ ਇਲਾਹੀ ਗਿਆਨ ਨਾਲ ਇਹ ਨਿਰਣਾ ਲਿਆ ਕਿ ਇਹ ਲੋਕ ਰਾਗਾਂ ਵਿੱਚ ਗੁਰਬਾਣੀ-ਕੀਰਤਨ ਰਾਹੀਂ ਸਿੱਖੀ ਨਾਲ ਨਹੀਂ ਜੁੜ ਸਕਦੇ। ਮਹਾਂਪੁਰਸ਼ਾਂ ਨੇ ਉਨ੍ਹਾਂ ਦੀਆਂ ਬੋਲੀਆਂ ਅਤੇ ਤਰਜਾਂ ਨੂੰ ਲੈ ਕੇ ਗੁਰਬਾਣੀ ਦਾ ਕੀਰਤਨ ਐਸੇ ਢੰਗ ਨਾਲ ਕੀਤਾ ਕਿ ਮਾਲਵੇ ਦੇ ਲੋਕ ਸਿੱਖੀ ਨਾਲ ਜੁੜਨ ਲੱਗ ਪਏ। ਉਨ੍ਹਾਂ ਨੇ ਪੁਰਾਣੀਆਂ ਕੁਰੀਤੀਆਂ ਅਤੇ ਵਹਿਮ-ਭਰਮ ਛੱਡ ਦਿੱਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਏ। ਇਸ ਸਿੱਧੀਆਂ ਧਾਰਨਾ ਦੇ ਕੀਰਤਨ ਨੇ ਮਾਲਵੇ ਦੇ ਲੋਕਾਂ ਦੇ ਹਿਰਦਿਆਂ ਨੂੰ ਐਸਾ ਹਲੂਣਾ ਦਿੱਤਾ ਕਿ ਉਹ ਲੋਕ ਸਿੱਖੀ ਵੱਲ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਣ ਲਗ ਪਏ। ਮਾਲਵੇ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਮਹਾਂਪੁਰਸ਼ਾਂ ਨੇ ਇਹ ਬਹੁਤ ਹੀ ਉੱਚਾ-ਸੁੱਚਾ ਅਤੇ ਸੌਖਾ ਢੰਗ ਲੱਭਿਆ। ਇਹ ਧਾਰਨਾਂ ਦੀ ਰਵਾਇਤ ਮਾਲਵੇ ਦੇ ਸੰਤਾਂ-ਮਹਾਂਪੁਰਸ਼ਾਂ ਨੇ ਅਪਨਾ ਲਈ ਅਤੇ ਧਾਰਨਾਂ ਵਿੱਚ ਕੀਰਤਨ ਕਰਨ ਦਾ ਮੁੱਢ ਬੱਝਿਆ।
ਸੰਤ ਅਤਰ ਸਿੰਘ ਜੀ ਮਹਾਰਾਜ ਗੁਰਬਾਣੀ ਸ਼ਬਦਾਂ ਦੀਆਂ ਸਿੱਧੀਆਂ ਧਾਰਨਾਂ ਉੱਚੀ ਸੁਰ ਵਿੱਚ ਪਹਿਲਾਂ ਆਪ ਪੜ੍ਹਦੇ, ਫਿਰ ਭਾਈ ਅਤੇ ਪਿੱਛੋਂ ਬੀਬੀਆਂ ਪੜ੍ਹਦੀਆਂ। ਇਸ ਤਰ੍ਹਾਂ ਸਾਰਾ ਵਾਤਾਵਰਨ ਹੀ ਸ਼ਬਦ ਦੀ ਗੂੰਜ ਨਾਲ ਭਰਪੂਰ ਹੋ ਜਾਂਦਾ ਅਤੇ ਸਭ ਨੂੰ ਵਿਸਮਾਦ ਦੀ ਰੰਗਣ ਵਿੱਚ ਲੈ ਜਾਂਦਾ। ਇੱਕ ਦੀਵਾਨ ਵਿੱਚ ਭਾਈ ਦੀਦਾਰ ਸਿੰਘ ਜੀ ਨੇ ਫ਼ੁਰਨਾ ਕੀਤਾ ਕਿ ਸੰਤਾਂ ਨੂੰ ਰਾਗ ਦੀ ਸੋਝੀ ਨਹੀਂ। ਸ਼ਬਦ ਦੇ ਭੋਗ ਮਗਰੋਂ ਸੰਤ ਜੀ ਨੇ ਖ਼ਾਸ ਰੰਗ ਵਿੱਚ ਆ ਕੇ ਸਮੇਂ ਅਨੁਸਾਰ ਰਾਗ ਵਿੱਚ ਸ਼ਬਦ ਪੜ੍ਹਿਆ ਅਤੇ ਸਹਿਜ-ਸੁਭਾਇ ਕਿਹਾ, "ਭਾਈ! ਗੁਰੂ ਨਾਨਕ ਸਾਹਿਬ ਦੇ ਕੂਕਰਾਂ ਨੂੰ ਰਾਗ ਸਿੱਖਣ ਦੀ ਲੋੜ ਨਹੀਂ ਹੁੰਦੀ। ਸੁਤੇ ਸਿਧ ਹੀ ਸਤਿਗੁਰੂ ਜੀ ਉਨ੍ਹਾਂ ਦੇ ਹਿਰਦੇ ਵਿੱਚ ਰਾਗ ਵਿੱਦਿਆ ਦੀ ਬਖਸ਼ਿਸ਼ ਕਰਦੇ ਹਨ।" ਇੱਕ ਵਾਰ ਸੰਤ ਜੀ ਧਾਰਨਾਂ ਵਿੱਚ ਗੁਰਬਾਣੀ-ਕੀਰਤਨ ਕਰ ਰਹੇ ਸਨ, ਉਨ੍ਹਾਂ ਦੇ ਕੋਲ ਹੀ ਭਾਈ ਕਾਹਨ ਸਿੰਘ ਨਾਭਾ ਬੈਠੇ ਸਨ ਤਾਂ ਸੰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਭੋਲੀ-ਭਾਲੀ ਸੰਗਤ ਨੂੰ ਬਾਣੀ ਨਾਲ ਜੋੜਨ ਵਾਸਤੇ ਧਾਰਨਾਂ ਵਿੱਚ ਕੀਰਤਨ ਕਰਦੇ ਹਾਂ।
ਸੰਤਾਂ ਦੀ ਅਵਾਜ ਐਨੀ ਉੱਚੀ ਅਤੇ ਗਰਜਵੀਂ ਹੁੰਦੀ ਸੀ ਕਿ ਦੋ-ਦੋ ਮੀਲ ਤਕ ਸੁਣਾਈ ਦਿੰਦੀ ਸੀ। ਇੱਕ ਵਾਰ ਸੰਤ ਜੀ ਬੜੀ ਉੱਚੀ ਆਵਾਜ਼ ਵਿੱਚ ਕੀਰਤਨ ਕਰ ਰਹੇ ਸਨ ਤਾਂ ਦੂਰ ਖੇਤਾਂ ਵਿੱਚ ਇੱਕ ਕਿਸਾਨ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਸਾਧ ਕਿਸ ਤਰ੍ਹਾਂ ਕੱਟੇ ਵਾਗੂੰ ਅਰੜਾ (ਪਸ਼ੂ ਵਾਂਗੂੰ ਬੋਲ) ਰਿਹਾ ਹੈ। ਸੰਤਾਂ ਨੇ ਉਸ ਦੇ ਹਿਰਦੇ ਦੀ ਗੱਲ ਬੁੱਝ, ਉੱਚੀ ਸੁਰ ਵਿੱਚ ਪੜ੍ਹਿਆ, "ਹਰੀ ਦੇ ਗੁਣ ਗਾਓ ਭਾਵੇਂ ਕੱਟੇ ਵਾਂਗੂੰ ਅਰੜਾਓ।" ਉਸ ਕਿਸਾਨ ਦੇ ਹਿਰਦੇ ਵਿੱਚ ਪ੍ਰੇਮ ਦੀ ਐਸੀ ਠੋਕਰ ਵੱਜੀ ਕਿ ਉਹ ਉਸੇ ਵੇਲੇ ਹਲ ਛੱਡ ਦੌੜਿਆ ਆਇਆ ਅਤੇ ਸੰਤਾਂ ਦੇ ਚਰਨਾਂ 'ਤੇ ਢਹਿ ਕੇ ਰੋ-ਰੋ ਕੇ ਕਹਿਣ ਲੱਗਾ ਕਿ ਮੇਰੀ ਭੁੱਲ ਬਖਸ਼ ਕੇ ਗੁਰੂ ਨਾਲ ਜੋੜ ਦਿਓ।